ਖੱਟਣ ਗਿਆ, ਕਮਾਉਣ ਗਿਆ... - ਸ਼ਹਿਜ਼ਾਦ ਅਸਲਮ
Posted on:- 01-11-2013
ਬਾਰ੍ਹੀਂ ਬਰਸੀਂ ਖੱਟਣ ਗਿਆ
ਤੇ ਖੱਟ ਕੇ ਲਿਆਇਆ ਚਾਨਣ
ਸਾਡਾ ਭਾਵੇਂ ਕੱਖ ਨਾ ਰਵੇ
ਸਾਡੇ ਬਾਲ ਹਯਾਤੀਆਂ ਮਾਨਣ
ਬਾਰ੍ਹੀਂ ਬਰਸੀਂ ਖੱਟਣ ਗਿਆ
ਤੇ ਖੱਟ ਕੇ ਲਿਆਇਆ ਲਾਰੀ
ਉਤਰਨ ਚੜ੍ਹਨ ਪਏ
ਸਭ ਆਪੋ ਆਪਣੀ ਵਾਰੀ
ਬਾਰ੍ਹੀਂ ਬਰਸੀਂ ਖੱਟਣ ਗਿਆ
ਤੇ ਖੱਟ ਕੇ ਲਿਆਇਆ ਢੱਗੇ
ਢੱਗੇ ਪਿੱਛੇ ਰਹਿ ਗਏ
ਤੇ ਲੰਘ ਗਏ ਟਰੈਕਟਰ ਅੱਗੇ
ਬਾਰ੍ਹੀਂ ਬਰਸੀਂ ਖੱਟਣ ਗਿਆ
ਤੇ ਖੱਟ ਕੇ ਲਿਆਇਆ ਕੁਝ ਨਾ
ਹਾਂ ਨੂੰ ਉਡੀਕਦਿਆਂ
ਕਦੇ ਨਜ਼ਰਾਂ ਦੀ ਗੱਲ ਵੀ ਬੁਝ ਨਾ
ਬਾਰ੍ਹੀਂ ਬਰਸੀਂ ਖੱਟਣ ਗਿਆ
ਤੇ ਖੱਟ ਕੇ ਲਿਆਇਆ ਧਾਗੇ
ਸੰਗਲਾਂ ਦੀ ਲੋੜ ਕੋਈ ਨਾ
ਜੇ ਪਿਆਰ ਰੱਖੇ ਦਿਲ ਲਾਗੇ
ਬਾਰ੍ਹੀਂ ਬਰਸੀਂ ਖੱਟਣ ਗਿਆ
ਤੇ ਖੱਟ ਕੇ ਲਿਆਇਆ ਚਿਟੱਹੀ
ਉਹ ਹਉ ਕਸਰਾਂ ਦਾ
ਜਿਹਦੀ ਚਿਟੱਹੀ ਹੈ ਸ਼ਹਿਦ ਤੋਂ ਮਿੱਠੀ
ਬਾਰ੍ਹੀਂ ਬਰਸੀਂ ਖੱਟਣ ਗਿਆ
ਤੇ ਖੱਟ ਕੇ ਲਿਆਇਆ ਹੀਲਾ
ਇਸ਼ਕ ਨਾ ਅੱਖ ਮਿਲੀ
ਤੇ ਰੰਗ ਪੇ ਗਿਆ ਨੀਲਾ
ਬਾਰ੍ਹੀਂ ਬਰਸੀਂ ਖੱਟਣ ਗਿਆ
ਤੇ ਖੱਟ ਕੇ ਲਿਆਇਆ ਮੂਰਤ
ਮੂਰਤ ਵੇਖ ਲਈ
ਹੁਣ ਯਾਰ ਵਿਖਾ ਜਾ ਸੂਰਤ
ਬਾਰ੍ਹੀਂ ਬਰਸੀਂ ਖੱਟਣ ਗਿਆ
ਤੇ ਖੱਟ ਕੇ ਲਿਆਇਆ ਕਲੀਆਂ
ਕਲੀਆਂ ਦੀ ਫ਼ਿਕਰ ਕਰੋ
ਖ਼ੁਸ਼ਬੂਆਂ ਤੇ ਉੱਡ ਚਲੀਆਂ
ਬਾਰ੍ਹੀਂ ਬਰਸੀਂ ਖੱਟਣ ਗਿਆ
ਤੇ ਖੱਟ ਕੇ ਲਿਆਇਆ ਲੋਈ
ਦੁਨੀਆ ਤੋਂ ਬਚ ਕੇ ਰਹਵੇਂ
ਇਹ ਕਦੇ ਨਾ ਕਿਸੇ ਦੀ ਹੋਈ
ਬਾਰ੍ਹੀਂ ਬਰਸੀਂ ਖੱਟਣ ਗਿਆ
ਤੇ ਖੱਟ ਕੇ ਲਿਆਇਆ ਯਾਦਾਂ
ਮੇਰਾ ਕਦੇ ਵੱਸ ਜੇ ਚਲੇ
ਤੇ ਮੈਂ ਚੰਨ ਤੇ ਚਕੋਰ ਪਚਾ ਦਾਂ
ਬਾਰ੍ਹੀਂ ਬਰਸੀਂ ਖੱਟਣ ਗਿਆ
ਤੇ ਖੱਟ ਕੇ ਲਿਆਇਆ ਖਾਦਾਂ
ਧਰਤੀ ਤਿਹਾਈ ਵਿਲਕੇ
ਸੁੱਕੀ ਨਹਿਰ ਕਰੇ ਫ਼ਰਿਆਦਾਂ
ਬਾਰ੍ਹੀਂ ਬਰਸੀਂ ਖੱਟਣ ਗਿਆ
ਤੇ ਖੱਟ ਕੇ ਲਿਆਇਆ ਬਾਤਾਂ
ਦਰਸ਼ਨ ਮੰਗਿਆ ਸੀ
ਮਿਲੇ ਕਾਗ਼ਜ਼, ਕਲਮ, ਦਵਾਤਾਂ
ਬਾਰ੍ਹੀਂ ਬਰਸੀਂ ਖੱਟਣ ਗਿਆ
ਤੇ ਖੱਟ ਕੇ ਲਿਆਇਆ ਬੁੰਦੇ
ਹੱਸ ਹੱਸ ਮਿਲਣ ਵਾਲੇ
ਇੱਡੇ ਦਿਲ ਦੇ ਚੰਗੇ ਨਈ ਹੁੰਦੇ
amrinder singh
great