ਵਿਨੋਦ ਮਿੱਤਲ ਦੀਆਂ ਕੁਝ ਕਵਿਤਾਵਾਂ
Posted on:- 18-10-2013
1
ਜ਼ਰੂਰਤ ਦਰ ਜ਼ਰੂਰਤ
ਯਾਦ ਆਉਂਦਾ ਰਿਹਾ
ਹਾਂ
ਮੈਂ ਕਦੇ ਉਸਨੂੰ ਵਿਸਰਿਆ ਨਹੀਂ।
2
ਕਦੇ ਉਲਝਦੀ, ਕਦੇ ਟੁੱਟਦੀ ਰਹੀ
ਕਿਥੇ-ਕਿਥੇ ਟਕੋਰਾਂ ਕਰਦਾ ਕੋਈ
ਜ਼ਿੰਦਗੀ
ਹਾਦਸਾ ਦਰ ਹਾਦਸਾ ਹੀ ਰਹੀ।
3
ਖ਼ਫਾ ਹੋ ਜਾਂਦੀ ਏ ਅਕਸਰ
ਮੇਰੀ ਦੇਹ ਮੇਰੇ ਕਦਮਾਂ ਨਾਲ
ਦਿਲ ਦਿਮਾਗ ਨਾਲ
ਕਿਸਮਤ ਕੰਮਾਂ ਨਾਲ
ਇਕ ਚੱਕਰ ਲੱਗਿਆ ਏ
ਪੈਰਾਂ ‘ਚ, ਸੋਚ ਤੇ, ਮੱਥੇ ‘ਚ।
4
ਤੇਰੇ ਸ਼ਹਿਰ ਤੋਂ ਮੇਰੇ ਸ਼ਹਿਰ ਤੱਕ ਦੀ ਦੂਰੀ
ਮੇਰੇ ਸ਼ਹਿਰ ਤੋਂ ਤੇਰੇ ਸ਼ਹਿਰ ਤੱਕ ਦੀ ਨੇੜਤਾ
ਕਿੰਨਾਂ ਫ਼ਰਕ ਏ
ਤੇਰੀ ਹੋਂਦ ਵਿਚ
ਮੇਰੇ ਅਹਿਸਾਸ ਵਿਚ।
5
ਕੋਈ ਉਸ ਨੂੰ ਕਹੋ
ਖਫ਼ਾ ਨਾ ਰਹੇ ਮੇਰੇ ਨਾਲ
ਮੇਰੇ ‘ਚ ਹੁਣ
ਮੈਂ ਨਹੀਂ ਵਸਦਾ।
6
ਚੰਗਾ ਹੁੰਦਾ
ਮੈਂ ਨਾ ਹੁੰਦਾ
ਨਾ ਕਿਸੇ ਦੀ ਅੱਖ ਦਾ
ਸੁਪਨਾ ਬਣਦਾ
ਨਾ ਇੰਜ
ਹੰਝੂ ਬਣ ਵਹਿਣਾ ਪੈਂਦਾ।
7
ਖਿਲਰ ਨਾ ਜਾਣ
ਟੁੱਟੇ ਦਿਲ ਦੇ ਟੁਕੜੇ
ਮੂਰਖ਼ ਦਿਲ ਟੁਟ ਜਾਣ ਤੇ
ਸੰਭਲਣ ਦੀ ਕੋਸ਼ਿਸ਼ ਕਰਦਾ ਏ।
8
ਬਣ ਜਾਂਦਾ ਰੁੱਖ ਵੀ ਮੈਂ
ਉਹਨੂੰ ਛਾਂ ਦੇਣ ਲਈ
ਅਨਜਾਣ ਸੀ
ਪਤਾ ਨਹੀਂ ਸੀ ਮੈਨੂੰ
ਕਿ ਧੁੱਪਾਂ ਨੂੰ
ਛਾਵਾਂ ਦੀ ਲੋੜ ਨਹੀਂ ਹੁੰਦੀ।
9
ਅੱਖਰ-ਅੱਖਰ ਕਰ ਕੇ
ਬੜੀ ਮੁਸਕਿਲ ਨਾਲ
ਜੋੜੀ ਸੀ ਮੈਂ ਅੱਖਰਮਾਲਾ
ਪਰ ਮਾਫ ਕਰੀਂ ਕੋਈ ਸ਼ਬਦ
ਤੇਰੇ ਹਾਣ ਦਾ
ਮੈਂ ਜੋੜ ਨਾ ਸਕਿਆ।
10
ਜੁਗਨੂੰ ਹਾਂ
ਛੋਟਾ ਹਾਂ
ਸੂਰਜ ਨਹੀਂ
ਪਿਆਰ ਨਾਲ ਹੱਥਾਂ ‘ਚ ਰੱਖੋਗੇ
ਰੌਸ਼ਨੀ ਦੇਵਾਂਗਾ
ਘੁਟੋਗੇ ਮਰ ਜਾਵਾਂਗਾ
ਹੋਰ ਕੁਝ ਨਹੀਂ।
ਸੰਪਰਕ: +91 94631 53296
Jessi Sambhi
bahut sohna likhde ho janab