ਅੱਗ ਵਰ੍ਹੀ ਦੇਸ਼ ’ਤੇ ਪੰਜਾਬ ਗਿਆ ਵੰਡਿਆ
ਪੱਤੀ ਪੱਤੀ ਦੋਸਤੋ ਗੁਲਾਬ ਗਿਆ ਵੰਡਿਆ
ਸਿੰਜਿਆ ਸੀ ਜੀਹਨੇ ਕਦੇ ਪਿਆਰ ਦੇ ਵਜੂਦ ਨੂੰ
ਪੰਜਾਂ ਦਰਿਆਵਾਂ ਵਾਲਾ ਆਬ ਗਿਆ ਵੰਡਿਆ
ਹਾਵ ਭਾਵ ਜਜ਼ਬੇ ਜ਼ਮੀਨ ਜਾਇਦਾਦ ਨਾਲ
ਸਾਸਰੀਆ ਕਾਲ ਤੇ ਆਦਾਬ ਗਿਆ ਵੰਡਿਆ
ਖਾਣ ਲਈ ਜਨੂੰਨੀਆਂ ਦੇ ਘੜੀ ਘੜੀ ਪਲ ਪਲ
ਨੋਚ ਨੋਚ ਤਨਾਂ ਤੋਂ ਕਬਾਬ ਗਿਆ ਵੰਡਿਆ
ਪਾੜੋ ਰਾਜ ਕਰੋ ਦੇ ਸਿਧਾਂਤ ਦਾ ਅਮਲ ਸੀ
ਲਿਆ ਜਿਹੜਾ ਸਾਰਿਆਂ ਖ਼ਵਾਬ ਗਿਆ ਵੰਡਿਆ
ਵੰਡੇ ਗਏ ਅਲਫ ਬੇ ਊੜਾ ਐੜਾ ਦੋਸਤੋ
ਕੈਦਿਆਂ ਦਾ ਤੋਤਲਾ ਹਿਸਾਬ ਗਿਆ ਵੰਡਿਆ
ਨੂੜਿਆ ਸਿਆਸਤਾਂ ਨੇ ਇਕ ਇਕ ਸੋਚ ਨੂੰ
ਸਾਂਝ ਦੇ ਸਵਾਲ ਤੇ ਜਵਾਬ ਗਿਆ ਵੰਡਿਆ
ਜਣਿਆਂ ਜੋ ਲਹੂ ’ਚੋਂ ਦਮੋਦਰਾਂ ਤੇ ਵਾਰਿਸਾਂ
ਕਿੱਸਿਆਂ ’ਚ ਜੀਅ ਰਿਹਾ ਸ਼ਬਾਬ ਗਿਆ ਵੰਡਿਆ
ਧਾਪ ਹਦਬੰਦੀਆਂ ਦੇ ਹੱਦ ਦੀ ਅਖੀਰ ਸੀ
ਵੰਡੀ ਗਈ ਵੀਣਾ ਤੇ ਰਬਾਬ ਗਿਆ ਵੰਡਿਆ