ਬਾਪੂ ਦਾ ਫ਼ਿਕਰ -ਸਿੰਮੀਪ੍ਰੀਤ ਕੌਰ
Posted on:- 08-07-2013
ਬਾਪੂ ਦਾ ਚਿਹਰਾ
ਬੜਾ ਉਦਾਸ ਜੇਹਾ ਦੇਖ
ਮੈਂ ਮਾਂ ਕੋਲ ਜਾ ਕੇ ਪੁੱਛਿਆ
ਕਈ ਵਾਰ ਹੋਣੈ
ਮਾਂ ਵੀ ਅੱਖਾਂ ਝੁਕਾ
ਆਖ ਦਿੰਦੀ
"ਲੱਗਦੈ ਤੇਰੇ ਬਾਪੂ 'ਤੇ
ਕੋਈ ਭਾਰ ਹੋਣੈ"
ਨਿੱਕੇ-ਨਿੱਕੇ ਕਦਮ
ਪੁੱਟਣੇ ਸੀ ਸ਼ੁਰੂ ਕੀਤੇ
ਚਾਈਂ-ਚਾਈਂ
ਬਾਪੂ ਦੀ ਗੋਦੀ ਜਾ ਬਹਿੰਦੀ
ਹੱਸਦਾ-ਹੱਸਦਾ ਬਾਪੂ
ਮੈਨੂੰ ਵੇਖ ਚੁੱਪ ਹੋ ਜਾਂਦਾ
ਮਾਂ ਆਖ ਦਿੰਦੀ
'ਆਪਣੇ ਨਾਲ ਕਰਦਾ ਕੋਈ
ਸੋਚ-ਵਿਚਾਰ ਹੋਣੈ
ਲੱਗਦੈ ਤੇਰੇ ਬਾਪੂ 'ਤੇ
ਕੋਈ ਭਾਰ ਹੋਣੈ'
ਬਾਪੂ ਦਾ ਬੁਝਿਆ-ਬੁਝਿਆ
ਚਿਹਰਾ ਹੌਲੇ-ਹੌਲੇ
ਕਦਮ ਧਰਦਾ
ਤੁਰਦਾ-ਫਿਰਦਾ ਵਿਹੜੇ ਵਿੱਚ
ਮੇਰੇ ਸਾਹਮਣੇ ਆ
ਨਜ਼ਰਾਂ ਝੁਕਾ ਲੈਂਦਾ
ਮਾਂ ਤੋਂ ਪੁੱਛਦੀ ਤਾਂ
ਆਖ ਦਿੰਦੀ
'ਤੂੰ ਨਾ ਫ਼ਿਕਰ ਕਰ
ਤੂੰ ਤਾਂ ਇਕ ਦਿਨ
ਉਡਾਰ ਹੋਣੈ
ਲੱਗਦੈ ਤੇਰੇ ਬਾਪੂ 'ਤੇ
ਕੋਈ ਭਾਰ ਹੋਣੈ'
ਕਈ ਵਾਰ ਵੇਖਿਆ
ਬਾਪੂ ਚੋਰੀ-ਚੋਰੀ
ਮੈਨੂੰ ਪੈਰਾਂ ਤੋਂ
ਸਿਰ ਤੀਕ ਮਾਪਦੈ
ਮਾਂ ਤੋਂ ਪੁੱਛਦੀ ਤਾਂ ਆਖਦੀ
'ਕੀ ਵੇਖਣੈ ਚੰਦਰੀਏ
ਉਹ ਤਾਂ ਗਿਣਦੈ
ਤੇਰੇ 'ਤੇ ਆਏ ਵਾਰ ਹੋਣੈ
ਲੱਗਦੈ ਤੇਰੇ ਬਾਪੂ 'ਤੇ
ਕੋਈ ਭਾਰ ਹੋਣੈ'
ਹੀਆ ਕਰ ਮੈਂ
ਆਖਰ ਪੁੱਛ ਹੀ ਲਿਆ
'ਬਾਪੂ ਕਿਉਂ ਤੂੰ ਐ
ਡਾਢਾ ਉਦਾਸ ?
ਕਾਹਦਾ ਫ਼ਿਕਰ
ਤੂੰ ਕਰਦੈ ?'
ਕੋਲ ਆ ਮਾਂ ਬੋਲੀ
'ਤੈਨੂੰ ਕੀ ਦੱਸੇ ਦੁੱਖ
ਉਹ ਵੀ ਲਾਚਾਰ ਹੋਣੈ
ਲੱਗਦੈ ਤੇਰੇ ਬਾਪੂ 'ਤੇ
ਕੋਈ ਭਾਰ ਹੋਣੈ'
ਆਖਿਆ ਮੈਂ
'ਬਾਪੂ ਕਿਉਂ ਫ਼ਰਕ ਕਰਦੈਂ
ਧੀ-ਪੁੱਤ ਵਿਚਲਾ ?'
ਹੰਝੂਆਂ ਨਾਲ ਕੋਏ
ਭਰ ਆਏ ਬਾਪੂ ਦੇ
'ਡਰਦਾ ਹਾਂ ਮੈਂ
ਤੇਰੇ ਕਰਮਾਂ ਤੋਂ
ਤੇਰੇ ਲੇਖਾਂ ਤੋਂ
ਕੇਹੀਆਂ ਟੇਡੀਆਂ-ਮੇਡੀਆਂ
'ਲੀਕਾਂ ਖਿੱਚਣ ਵਾਲਾ
ਕਿਸ ਸੋਚ ਵਿੱਚ
ਬੈਠਾ ਉਦੋਂ ਕਰਤਾਰ ਹੋਣੈ
ਤਾਹੀਓਂ ਲੱਗਦੈ ਮੇਰੇ 'ਤੇ
ਕੋਈ ਭਾਰ ਹੋਣੈ'
ਇਹ ਸੁਣ ਮੈਂ ਵੀ
ਸੋਚੀਂ ਪੈ ਗਈ
'ਸੱਚੀਂ ਅਜੇ ਜੁਲ਼ਮ
ਮੁੱਕਿਆ ਨਹੀਂ
ਫਿਰ ਮੇਰਾ ਵੀ ਪਤਾ ਨਹੀਂ
ਕਿਹੋ ਜੇਹਾ ਘਰ-ਬਾਰ ਹੋਣੈ
ਫਿਰ ਮੈਨੂੰ ਲੱਗਿਆ
ਬਾਪੂ 'ਤੇ ਸੱਚੀਂ
ਕੋਈ ਭਾਰ ਹੋਣੈ
ਬਾਪੂ 'ਤੇ ਸੱਚੀਂ
ਕੋਈ ਭਾਰ ਹੋਣੈ'
Rajni
gud poem