ਟਿੱਲੇ ਦਾ ਯੋਗੀ - ਗੁਰਮੇਲ ਬੀਰੋਕੇ
Posted on:- 04-06-2013
ਜੰਗ ਲੱਗੇ ਜਦ ਵੀ
ਕਿਤੇ ਦੁਨੀਆਂ ਵਿੱਚ
ਸਭ ਤੋਂ ਪਹਿਲਾਂ
ਔਰਤ ਦਰਦ ਹਢਾਉਂਦੀ
ਲੁੱਟੀਂਦੀ, ਵਿੱਕਦੀ
ਉਧਾਲ਼ੀ ਜਾਂਦੀ
ਕਿਉਂ ???
ਮੈਂ ਟਿੱਲਿਉਂ ਯੋਗੀ ਬੋਲਦਾ…
ਰਾਂਝਿਆ ਤੇਰੇ ਕੰਨੀਂ ਮੁੰਦਰਾਂ
ਮੈਂ ਨ੍ਹੀਂ ਪਾਉਣੀਆਂ
ਹੀਰ ਲੱਭਣ ਵਾਸਤੇ
ਅੱਜ ਚੂਚਕ ਦੀਆਂ ਧੀਆਂ
ਲੁੱਟੀਦੀਆਂ ਨਿੱਤ ਇਥੇ
ਜੇ ਕੰਨ ਪੜਵਾਉਣੇ ਤੈਂ
ਤਾਂ ਸੱਚ ਦੀ ਭਾਲ਼ ਕਰੀਂ…
ਮੈਂ ਟਿੱਲਿਉਂ ਯੋਗੀ ਬੋਲਦਾ…
ਪਹਿਲਾਂ ਸੀ ਡਾਕੂ ਜੰਗਲੀਂ ਰਹਿੰਦੇ
ਹੁਣ ਦੇਸ਼ ਦੀ ਰਾਜਧਾਨੀ ਬਹਿੰਦੇ
ਪਹਿਲਾਂ ਡਾਕੂ ਨੁੰ ਡਾਕੂ ਕਹਿੰਦੇ
ਅੱਜ ਡਾਕੂ ਨੂੰ ਨੇਤਾ ਕਹਿੰਦੇ
ਇਹ ਕਿੱਡੀ ਵੱਡੀ ਘੋਲ਼-ਗੰਢ…
ਮੈਂ ਟਿੱਲਿਉਂ ਯੋਗੀ ਬੋਲਦਾ…
ਅਮੀਰ ਸਰਕਾਰਾਂ ਦੇ
ਸਰਕਾਰਾਂ ਅਮੀਰਾਂ ਦੀਆਂ
ਦੋਨੇਂ ਹੱਥੀਂ ਲੁੱਟਣ ਪੌਂ-ਵਾਰਾਂ ਨੇ
ਮਣਾਂ ਮੂੰਹੀਂ ਪੈਸੇ ਸਿਆਸਤ ਵਿੱਚੋੰ ਕਿਰਦੇ
ਦੇਸ਼ ਮਹਾਨ
ਤਾਹੀਂ ਸਾਰੇ ਲੀਡਰ ਬਣਨ ਨੂੰ ਫਿਰਦੇ
ਇਹ ਵੀ ਵੱਡੀ ਘੋਲ਼-ਗੰਢ …
ਮੈਂ ਟਿੱਲਿਉਂ ਯੋਗੀ ਬੋਲਦਾ…
ਸੋਨੇ ਦੇ ਆਲ੍ਹਣੇ ਜੰਮਿਆ
ਚਾਂਦੀ ਦੇ ਰੁੱਖਾਂ 'ਤੇ ਪਲ਼ਿਆ ਬਾਜ਼
ਉਹੋ ਜਿਹੇ ਸ਼ਿਕਾਰ ਨ੍ਹੀਂ ਮਾਰ ਸਕਦਾ
ਜਿਹੋ ਜਿਹੇ
ਕੱਖਾਂ ਕਾਨਿਆਂ ਦੇ ਆਲ੍ਹਣੇ ਜੰਮਿਆਂ
ਕਿੱਕਰਾਂ ਦੇ ਰੁੱਖਾਂ 'ਤੇ ਪਲਿਆ
ਬਾਜ਼ ਮਾਰ ਸਕਦੈ…
ਮੈਂ ਟਿੱਲਿਉਂ ਯੋਗੀ ਬੋਲਦਾ…
ਕਦੇ ਸੋਚ ਉਏ ਬੰਦੇ
ਮਨੁੱਖ ਨੂੰ ਮਨੁੱਖ ਕਿਉਂ ਖਾਵੇ
ਆਸਤਿਕ ਬਣ ਭਾਵੇਂ ਨਾਸਤਿਕ
ਨਾ ਬਣ ਦਰਿੰਦਾ ਨਾ ਰਾਖਸ਼
ਤੇਰੇ ਕੋਲ ਜੇ ਤਾਕਤ ਆ ਗਈ
ਡਾਕੂ ਗੁੰਡਾ ਨਾ ਬਣ
ਮਾੜੇ ਪਾਸੇ ਜਾਂਦੀ ਢਲ਼ਕ ਬੋਚ ਉਏ ਬੰਦੇ
ਨਹੀਂ ਤਾਂ ਮਜਲੂਮ ਲੋਕ ਕੱਠੇ ਹੋ
ਲਾਵਣਗੇ ਚੋਟਾਂ ਨਗਾਰੇ 'ਤੇ…
ਮੈਂ ਟਿੱਲਿਉਂ ਯੋਗੀ ਬੋਲਦਾ…
ਉਏ ਲੋਕੋ ! ਮੈਂ ਟਿੱਲਿਉਂ ਯੋਗੀ ਬੋਲਦਾ…।।
ਸੰਪਰਕ: 001-604-825-8053