ਪ੍ਰੋ. ਤਰਸਪਾਲ ਕੌਰ ਦੇ ਕੁਝ ਗੀਤ ਅਤੇ ਗ਼ਜ਼ਲਾਂ
Posted on:- 29-05-2013
(ਮੁਲਕ ਵਿਚ ਅਣਮਨੁੱਖੀ ਕੁਕਰਮਾਂ ਦਾ ਸ਼ਿਕਾਰ ਹੋਈਆਂ ਬੱਚੀਆਂ ਦੇ ਨਾਂ)
ਅੱਲ੍ਹੜ ਕੂੰਜਾਂ ਲੁੱਟ ਲਈਆਂ ਨੇ,
ਘਟਾਵਾਂ ਆਦਮਖ਼ੋਰ ਨੇ ਆਈਆਂ......।
ਕੀਹਨੂੰ ਕਹੀਏ ਧਰਤੀ ਜਾਇਆ
ਦੇਖੋ ਅਣਮਨੁੱਖੀ ਵਤੀਰੇ
ਕਰਦਾ ਨਿੱਤ ਕੁਤਾਹੀਆਂ....
ਅੱਲ੍ਹੜ ਕੂੰਜਾਂ ਲੁੱਟ ਲਈਆਂ ਨੇ...
ਘਟਾਵਾਂ ਆਦਮਖ਼ੋਰ ਨੇ ਆਈਆਂ......।
ਹਾਹਾਕਾਰ ਦੇ ਵਾ-ਵਰੋਲੇ
ਹਰ ਪਾਸੇ ਗਰਮ ਹਵਾਵਾਂ
ਮੈਂ ਬੰਦੇ ਤੋਂ ਵਾਕਿਫ਼ ਨਹੀਂ ਸੀ
ਜੀਹਤੋਂ ਡਰਦੀਆਂ ਹੁਣ ਦੁਆਵਾਂ
ਨਾ ਇੱਥੇ ਪਿਆਰਾਂ ਦੀ ਵੰਝਲੀ
ਸੁਣਦੀਆਂ ਦਰਦ-ਦੁਹਾਈਆਂ...
ਅੱਲ੍ਹੜ ਕੂੰਜਾਂ ਲੁੱਟ ਲਈਆਂ ਨੇ...
ਘਟਾਵਾਂ ਆਦਮਖ਼ੋਰ ਨੇ ਆਈਆਂ......।
ਹਾਕਮਾਂ ਤੋਂ ਨੇ ਕਿਹੜੀਆਂ ਆਸਾਂ
ਰੁਲ਼ਦੀਆਂ ਨੇ ਇੱਥੇ ਨੰਗੀਆਂ ਲਾਸ਼ਾਂ
ਮੇਰੀ ਭੈਣ ਜਿਹਾ ਬਦਨ ਹੀ ਹੋਣਾ
ਹਾਏ ਉਹ ਮਾਂ ਦੇ ਵੈਣ ਤੇ ਰੋਣਾ
ਕੰਜਕਾਂ ਦੇ ਘਰ ਢਾਹੁਣ ਵਾਲਿਓ
ਕਿਉਂ ਰੀਝਾਂ ਮਾਰ ਮੁਕਾਈਆਂ...
ਅੱਲ੍ਹੜ ਕੂੰਜਾਂ ਲੁੱਟ ਲਈਆਂ ਨੇ...
ਘਟਾਵਾਂ ਆਦਮਖ਼ੋਰ ਨੇ ਆਈਆਂ......।
ਸੁਣੋ ਵੇ ਕਲਮਾਂ ਵਾਲਿਓ ਵੀਰੋ
ਹਰ ਪਾਸੇ ਨੇ ਨ੍ਹੇਰ ਦੇ ਸਾਏ
ਆਦਮੀ ਦੀ ਦਹਿਸ਼ਤ ਵੇਖੋ
ਹਾਏ ਧੂਹ ਕਲੇਜੇ ਸਾੜੇ
ਸੂਰਜ ਨੂੰ ਆਖੋ ਹੁਣ ਕੋਈ
ਕਿੱਥੇ ਨੇ ਰਿਸ਼ਮਾਂ ਉਹਦੀਆਂ ਜਾਈਆਂ...
ਅੱਲ੍ਹੜ ਕੂੰਜਾਂ ਲੁੱਟ ਲਈਆਂ ਨੇ
ਨਿੱਕੀਆਂ ਜ਼ਿੰਦਾਂ ਲੁੱਟ ਲਈਆਂ ਨੇ...
ਘਟਾਵਾਂ ਆਦਮਖ਼ੋਰ ਨੇ ਆਈਆਂ......।
***
ਗ਼ਜ਼ਲ
ਕੁਝ ਜਿੱਤ ਲਵਾਂ ਮੈਂ ਕੁਝ ਹਰ ਲਵਾਂ
ਆ ਤੈਨੂੰ ਜ਼ਰਾ ਅੱਖਾਂ ’ਚ ਭਰ ਲਵਾਂ।
ਜੇ ਤੂੰ ਮੁੜ ਆਵੇਂ ਤਿਰਕਾਲਾਂ ਤੀਕਰ
ਮੈਂ ਵੀ ਸੂਰਜ ਨਾਲ ਵਾਅਦਾ ਕਰ ਲਵਾਂ।
ਇਹ ਨਿੱਕ-ਸੁੱਕ ਹੀ ਸਰਮਾਇਆ ਏ ਮੇਰਾ
ਕਿਸੇ ਨਾਲ ਕੀ ਰੋਸਾ ਮੈਂ ਕਰ ਲਵਾਂ।
ਭਰ ਦੇਵੇਂ ਜੇ ਲਹੂ ’ਚ ਕੁਝ ਗਰਮੀ
ਹਰ ਸੀਤ ਸਾਗਰ ਨੂੰ ਮੈਂ ਤਰ ਲਵਾਂ।
ਮੇਰੀ ਵੀ ਜਿੱਦ ਹੈ ਸੂਲੀ ਹੀ ਚੜ੍ਹਨਾ
ਹਾਕਮਾਂ ਦੇ ਤੌਰ-ਤਰੀਕੇ ਕਰ ਸਰ ਲਵਾਂ।
ਉਹ ਵਾਅਦਿਆਂ ਦਾ ਵਪਾਰ ਕਰਦੇ ਰਹੇ
ਤੇ ਚਾਹੁੰਦੇ ਸੀ ਕਿਸੇ ਦਿਲ ’ਚ ਘਰ ਲਵਾਂ।
ਰੁਕ ਨਾ ਸਕਿਆ ਭਾਵੇਂ ਤੂਫ਼ਾਨਾਂ ਦਾ ਜ਼ੋਰ
‘ਤਰਸ’ ਚਾਹਤ ਰਹੀ ਦੇਹਲੀ ਦੀਵੇ ਧਰ ਲਵਾਂ।
***
ਆਸ
ਇਖ਼ਲਾਕ ਹੈ, ਧਰਮ ਹੈ, ਕਾਨੂੰਨ ਹੈ
ਮੇਰੇ ਦੇਸ਼ ਵਿਚ
ਫ਼ਿਰ ਵੀ ਉਡੀਕ ਹੈ ਕਿਸੇ ਜਵਾਬ ਦੀ,
ਬੱਠਲ ਚੁੱਕਦੇ ਨਿਹਾਲੇ ਨੂੰ,
ਰੋੜੀ ਕੁੱਟਦੀ ਗੁੱਡੋ ਨੂੰ
ਤੇ ਭਾਂਡੇ ਮਾਂਜਦੇ ਛੋਟੂ ਨੂੰ....!
ਕਿ ਸ਼ਾਇਦ ਕੋਈ ਫ਼ੈਸਲਾ
ਜੀਵਨ ਨੂੰ ਟੋਂਹਦਾ,
ਹੱਲ ਕਰ ਦੇਵੇ
ਰੋਜ਼ੀ-ਰੋਟੀ ਦੇ ਮਸਲੇ....।
***
ਗ਼ਜ਼ਲ
ਉਹ ਵੀ ਜਰ ਲਈ, ਐਹ ਵੀ ਜਰ ਲਈ
ਮੈਂ ਇਸ ਆਲਮ ਨਾਲ ਯਾਰੋ ਦੋਸਤੀ ਕਰ ਲਈ।
ਮੌਸਮ ਆ ਗਿਆ ਹੈ, ਮੁੜ ਫੇਰ ਬਹਾਰਾਂ ਦਾ
ਮੈਂ ਫ਼ੇਰ, ਉਹੀ ਹਿਜ਼ਰ ਦੀ ਬੰਦਗੀ ਕਰ ਲਈ।
ਨਗਰ ਜੋ ਕਹਿੰਦਾ ਹੈ ਤੇਰੇ ਬਾਬਤ ਵਾਰ-ਵਾਰ
ਮੈਂ ਵੀ ਤੇਰੀ ਬੇਵਫਾਈ ਦੀ ਕਹਾਣੀ ਪੜ੍ਹ ਲਈ।
ਹੁਣ ਸੋਨੇ ਮੜ੍ਹ ਦਿੱਤੀ ਤੰੂ ਮੜ੍ਹੀ ਉਹਦੀ
ਜਿਹੜੀ ਵਿਲਕਦੀ ਬਿਨ ਰੋਟੀ ਹੀ ਮਰ ਗਈ।
ਮੈਂ ਐਸੇ ਮੁਕਾਮ ਤੇ ਆ ਗਿਆ ਹਾਂ ਦੋਸਤੋ
ਦੇਖ ਦੇਖ ਉਹਨੂੰ ਮੈਂ ਐਸੀ ਤਬੀਅਤ ਕਰ ਲਈ।
ਜਦੋਂ ਉਹ ਤੁਰਿਆ ਤਾਂ ਮੈਂ ਸੀ ਸੁਣਿਆ
ਉਸਨੇ ਦੁਨੀਆਂ ’ਚ ਯਾਰੋ ਬੜੀ ਨੇਕੀ ਕਰ ਲਈ।
ਸਾਗਰਾਂ ਕੋਲੋਂ, ਜਿਉਦੇ ਜੀਅ ਇੱਕ ਬੂੰਦ ਸੀ ਮੰਗੀ
ਹੁਣ ਦੇਖੋ ਲਾਸ਼ ਮੇਰੀ ਪਾਣੀਆਂ ’ਚ ਤਰ ਗਈ।
***
ਗ਼ਜ਼ਲ
ਮੇਰੇ ਸ਼ਹਿਰ ’ਚ ਵੀ ਸਲੀਬਾਂ ਸਾਂਭਣ ਵਾਲੇ ਆ ਗਏ
ਸਿਆਸਤ, ਧਰਮ ਦੀਆਂ ਤਰਕੀਬਾਂ ਸਾਂਭਣ ਵਾਲੇ ਆ ਗਏ।
ਕਾਰੀਗਰ ਵੀ ਉਦਾਸ ਹੋਏ ਤੇ ਔਜ਼ਾਰ ਵੀ ਚੁੱਪ
ਉਝ ਕਹਿੰਦੇ ਵਿਰਸਾ ਤੇ ਰੀਤਾਂ ਸਾਂਭਣ ਵਾਲੇ ਆ ਗਏ।
ਰੁੱਸੀਆਂ ਬਹਾਰਾਂ ਨੂੰ ਮਨਾਵੇ ਕੌਣ ਸਾਕੀ ਹੁਣ ਭਲਾ
ਫ਼ਿਜ਼ਾਵਾਂ ਤੋਂ ਬੇਮੁਖ ਹੁਣ ਹਯਾਤੀ ਲਾਂਘਣ ਵਾਲੇ ਆ ਗਏ।
ਨਿੱਕੀਆਂ ਵੇਲਾਂ ਨੂੰ ਪਾਣੀ ਤਾਂ ਕੀ ਦੇਣਾ ਸੀ ਜ਼ਾਲਮਾਂ
ਕਹਿਰ, ਕਿ ਬਾਬੇ ਬੋਹੜਾਂ ਨੂੰ ਹੁਣ ਛਾਂਗਣ ਵਾਲੇ ਆ ਗਏ।
ਝੁੱਗੀ ਜਦ ਛੱਤੀ ਇੱਕ ਦਰਵੇਸ਼ ਨੇ ਉਸ ਸੰੁਨੀ ਥਾਂ
ਉੱਠ ਕੇ ਦਾਅਵੇ ਵਾਲੇ, ਉਸ ਆਂਗਣ ਵਾਲੇ ਆ ਗਏ।
ਹਰ ਮੋੜ ਤੇ ਅਣਖਾਂ ਦੀ ਬਲੀ ਚੜ੍ਹਦੀਆਂ ਨੇ ਹੀਰਾਂ
ਦੇਖੋ ਰੌਲਾ ਪਾਉਦੇ, ‘ਮੇਰਾ ਯਾਰ ਰਾਂਝਣ’ ਵਾਲੇ ਆ ਗਏ।
ਇਹਨਾਂ ਨੂੰ ਪੁੱਛ ਤਾਂ ਜ਼ਰਾ ਦਿਨ ਕਟੀ ਦੇ ਸਿਲਸਿਲੇ
‘ਤਰਸ’ ਜੋ ਕਹਿੰਦੇ ਅਸੀਂ ਕੌਮਾਂ ਸਾਂਭਣ ਵਾਲੇ ਆ ਗਏ।
tarspal
changa uddam karde ho