ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਨ ’ਤੇ - ਪਰਮਿੰਦਰ ਕੌਰ ਸਵੈਚ
Posted on:- 23-03-2012
ਐ ਵੀਰ ਭਗਤ ਸਿੰਘ
ਅੱਜ ਤੇਰੀ ਸ਼ਹੀਦੀ ਵਰ੍ਹੇ ਗੰਢ ’ਤੇ
ਮਿਲੀਆਂ ਹੋਣਗੀਆਂ ਅਨੇਕਾਂ ਸ਼ਰਧਾਂਜਲੀਆਂ ਤੈਨੂੰ
ਸ਼ਹੀਦੀ ਦਿਵਸ ਦੀ ਆੜ ਥੱਲੇ।
ਵੱਡੇ ਵੱਡੇ ਲੜੀਵਾਰ ਭਾਸ਼ਨ
ਕਿਸੇ ਦਿੱਤੇ ਹੋਣਗੇ
ਸਤਾ ਬਚਾਉਣ ਦੇ ਲਈ,
ਤੇ ਕਿਸੇ ਸਤਾ ਹਥਿਆਉਣ ਦੇ ਲਈ।
ਤੇ ਜਾਂ ਕੀਤੀ ਹੋਵੇਗੀ
ਦੂਸ਼ਨਬਾਜ਼ੀ ਇੱਕ ਦੂਜੇ ’ਤੇ
ਕਿਉਂਕਿ ਉਹ ਨਹੀਂ ਚਾਹੁੰਦੇ
ਗੁਆਉਣਾ ਹੱਥੋਂ ਇਹ ਵੱਡਮੁੱਲਾ ਮੌਕਾ।
ਅੱਜ ਤੇਰੇ ਵਾਂਗ ਬਸੰਤੀ ਪੱਗਾਂ
ਬੰਨ੍ਹ ਕੇ ਅਨੇਕਾਂ ਨੌਜਵਾਨ
ਸੜਕਾਂ ’ਤੇ ਆਏ ਤਾਂ
ਐ ਲੱਗਿਆ ਕਿ ਅਨੇਕਾਂ
ਭਗਤ ਸਿੰਘ ਹੋ ਗਏ ਨੇ ਪੈਦਾ
ਲ਼ਾਉਣਗੇ ਅਸਲੀ ਤੇਰਾ ਇਹ ਨਾਹਰਾ
ਇਨਕਲਾਬ ਜ਼ਿੰਦਾਬਾਦ ਦਾ
ਤੇ ਦੇਖਾਂਗੇ ਤੇਰੇ ਸੁਪਨਿਆਂ ਦਾ ਸੱਚ।
ਪਰ...
ਕਾਸ਼!
ਇਹ ਇੱਕ ਦਿਨ ਦਾ ਵਬਾਲ ਨਾ ਹੋਵੇ
ਸਗੋਂ ਹੋਵੇ ਚੇਤਨਾ ਦਾ ਪ੍ਰਤੀਕ।
ਮੈਂ ਵੀ ਅੱਜ ਅਰਪਣ
ਕਰਦੀ ਹਾਂ ਸ਼ਰਧਾ ਦੇ ਫੁੱਲ
ਦਿਲ ਦੀਆਂ ਗਹਿਰਾਈਆਂ ’ਚੋਂ
ਸੋਚਦੀ ਹਾਂ ਤੇਰੇ ਅਧੂਰੇ
ਸੁਫਨਿਆਂ ਬਾਰੇ।
ਤੇਰਾ ਸੁਫਨਾ ਸੀ ਅਜ਼ਾਦੀ ਦਾ
ਤੇਰੀ ਅਜ਼ਾਦੀ ਤਾਂ ਵੀਰਿਆ
ਬਣ ਗਈ ਹੈ
ਬਾਂਦਰਾਂ ਵਿਚਾਲੇ ਗੁੜ ਦੀ ਭੇਲੀ।
ਜਿਸ ਨੂੰ ਦਬੋਚਣ ਲਈ ਵਰਤੇ ਜਾਂਦੇ
ਹਨ ਅਨੇਕਾਂ ਹੱਥਕੰਡੇ।
ਤੇਰੇ ਲੋਕਾਂ ਤੱਕ ਤਾਂ
ਐਨੇ ਸਾਲਾਂ ਬਾਅਦ
ਪਹੁੰਚੀ ਨਹੀਂ ਅਜੇ ਭਿਣਕ ਵੀ।
ਤੇਰਾ ਸੁਫਨਾ ਸੀ ਸਮਾਨਤਾ ਦਾ
ਮਨੁੱਖਤਾ ਦੇ ਪਾੜੇ ਦਾ।
ਵੀਰਿਆ ਇਹ ਪਾੜੇ ਤਾਂ
ਅੱਜ ਬਣ ਗਏ ਨੇ ਖਾਰਾਂ
ਜਿਨ੍ਹਾਂ ਵਿੱਚ ਤੇਰੇ ਲੋਕਾਂ ਦੀਆਂ
ਰੁੜ੍ਹ ਗਈਆਂ ਨੇ ਸੱਧਰਾਂ।
ਕਰ ਰਹੇ ਨੇ ਖੁਦਕਸ਼ੀਆਂ
ਕਰਜ਼ੇ ਦੇ ਸਤਾਏ ਕਿਸਾਨ,
ਮਰਦੀਆਂ ਫਿਰਦੀਆਂ ਨੇ ਜਵਾਨੀਆਂ
ਨਸ਼ਿਆਂ ਦੇ ਘੋਰ ਸੰਤਾਪ ਹੇਠ
ਮਾਰਦੇ ਨੇ ਲੋਕ ਧੀ ਨੂੰ ਕੁੱਖ ਵਿੱਚ ਹੀ
ਤਾਂ ਕਿ
ਉਹ ਦਾਜ ਦੀ ਬਲੀ ਤੋਂ ਬਚ ਸਕੇ।
ਰੁਲ ਗਏ ਨੇ ਬਚਪਨ, ਜਵਾਨੀਆਂ ਤੇ ਬੁਢਾਪੇ
ਬਸ ਜੀਅ ਰਹੇ ਨੇ
ਸੁਫਨਿਆਂ ਨੂੰ ਗੰਢ ਦੇ ਕੇ।
ਵੀਰਿਆ ਗੱਲ ਕੀਤੀ ਸੀ ਤੂੰ
ਮਨੁੱਖ ਹੱਥੋਂ ਮਨੁੱਖ ਦੀ ਲੁੱਟ-ਖਸੁੱਟ ਦੀ।
ਉਹ ਤਾਂ ਉਵੇਂ ਈ ਚੱਲਦੈ ਪਰ
ਸਰਮਾਏਦਾਰ ਨੇ ਆਪਣੇ ਹਥਿਆਰਾਂ ਨੂੰ
ਸਾਣ ਤੇ ਲਾ ਕੇ ਥੋੜ੍ਹੇ ਹੋਰ ਤਿੱਖੇ ਕਰ ਲਿਆ ਏ।
ਸੋਚ ਲਏ ਨੇ ਨਵੇਂ ਨਵੇਂ ਢੰਗ ਤਰੀਕੇ,
ਕਿ ਲੋਕਾਂ ਦੀ ਸੋਚ ਨੂੰ ਕਿਵੇਂ
ਸੁਲਾਇਆ ਜਾ ਸਕਦੈ।
ਵੀਰਿਆ ਤੇਰਾ ਇੱਕ ਹੋਰ ਸੁਫਨਾ ਸੀ
ਉਜਾਲੇ ਦਾ, ਅੰਧਵਿਸ਼ਵਾਸ ਤੇ
ਨਾਸਤਿਕਤਾ ਦਾ।
ਤੂੰ ਤਾਂ ਬੜੀ ਕੋਸ਼ਿਸ਼ ਕੀਤੀ ਦੂਰ ਕਰਨ ਦੀ
ਅੰਧਵਿਸ਼ਵਾਸ।
ਪਰ ਇਹ ਘਰ ਘਰ ਹੋ ਗਿਆ ਹੈ ਪੈਦਾ।
ਕਿਉਂਕਿ ਜੀਣਾ ਮੁਹਾਲ ਹੋ ਗਈ ਹੈ ਜ਼ਿੰਦਗੀ
ਦੁੱਖਾਂ ਦੇ ਮਾਰੇ, ਭੁੱਖ ਦੇ ਸਤਾਏ
ਰਿਸਦੇ ਜ਼ਖ਼ਮਾਂ ਦੀ ਮਲ੍ਹਮ ਲਈ
ਫਿਰਦੇ ਨੇ ਭਟਕਦੇ
ਫਿਰ ਪੈ ਜਾਂਦੇ ਨੇ ਇਨ੍ਹਾਂ
ਕਰਾਮਾਤੀ ਪਖੰਡੀਆਂ ਦੇ ਵਸ
ਗੁਆ ਲੈਂਦੇ ਨੇ ਧੰਨ, ਦੌਲਤ
ਤੇ ਆਪਣੀ ਜ਼ਮੀਰ ਤੱਕ।
ਚੱਲਦੈ ਈ ਰਹਿੰਦੈ ਇਹ ਸਿਲਸਿਲਾ।
ਵੀਰਿਆ ਲੋੜ ਉਦੋਂ ਹੀ ਨਹੀਂ ਸੀ
ਤੇਰੇ ਲਏ ਇਨ੍ਹਾਂ ਸੁਫਨਿਆਂ ਦੀ
ਇਨ੍ਹਾਂ ਦੀ ਲੋੜ ਤਾਂ ਹੋਰ
ਵੀ ਵੱਧ ਗਈ ਹੈ ਅੱਜ
ਤੇਰੀ ਅੱਜ ਸ਼ਹੀਦੀ ਵਰ੍ਹੇ ਗੰਢ ’ਤੇ
ਤੇਰੇ ਸੁਫਨੇ ਸਾਕਾਰ ਕਰਨ ਦੀ।
ਤੇ ਸੋਚਣ ਦੀ...
ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਸੁੱਟ ਬਾਰੇ
ਸਮਾਜ ਦੀ ਇਕਸਾਰਤਾ, ਸਮਾਨਤਾ ਬਾਰੇ
ਅਮੀਰੀ ਤੇ ਗ਼ਰੀਬੀ ਦੇ ਪਾੜੇ ਬਾਰੇ
ਮਨੁੱਖ ਦੀ ਅਜ਼ਾਦੀ ਬਾਰੇ
ਮਨੁੱਖ ਦੇ ਵਿਕਾਸ ਤੇ ਖੁਸ਼ਹਾਲੀ ਬਾਰੇ
ਇਨਕਲਾਬ ਬਾਰੇ
ਤੁਹਾਡੀਆਂ ਦਿੱਤੀਆਂ ਕੁਰਬਾਨੀਆਂ ਬਾਰੇ।
Balvinder Singh Bamrah
ਵਾਹ ਪਰਮਿੰਦਰ ਜੀ..ਬਹੁਤ ਸੁੰਦਰ ...ਸਚ ਤੇ ਭਾਵ ਪੂਰਨ ਲਿਖੇਆ ਹੈ ਆਪ ਨੇ....ਪਰ ਸਚ ਇਹ੍ਹ ਵੀ ਹੈ ਕੇ ਇਹ੍ਹ ਸਭ ਸੁਫਨੇ ਪੂਰੇ ਕੌਣ ਕਰੇਗਾ...ਕਿਓਂ ਕੇ ਭਗਤ ਸਿੰਘ ..ਯਾ ਭਗਤ ਸਿੰਘ ਵਰਗਾ ਹੋਰ ਕੋਈ ਇਨਸਾਨ ਜੋ ਆਪਾ ਵਾਰ ਸਕੇ ....ਕਿਥੋਂ ਆਵੇ...ਅੱਜ ਦੇ ਸਾਡੇ ਨੌਜਵਾਨ ਤੇ ਨਸ਼ੇਆਂ ਵਿਚ....ਲੁੱਟ ਖਸੁੱਟ ਵਿਚ ਤੇ ਹੋਰ ਇਹੋ ਜੇਹੇ ਕ੍ਮ੍ਮਾਂ ਵਿਚ ਹੀ ਮਸਰੂਫ ਨੇ....ਤੇ ਸਾਡੇ ਨੇਤਾ...ਓਹ ਤੇ ਹਰ ਹੱਦ ਟੱਪ ਚੁਕੇ ਨੇ....ਇਨਸਾਨੀਅਤ ਦੀ.......