ਆਮ ਆਦਮੀ ਦੇ ਸਿਵੇ 'ਤੇ - ਮਨਦੀਪ ਸੁੱਜੋਂ
Posted on:- 10-05-2013
ਕਹਿੰਦੇ ਏਜੰਟ ਨਹੀਂ ਸੀ ਉਹ
ਖੂਫੀਆ ਏਜੰਸੀ ਦਾ
ਬੱਸ ਇਕ ਆਮ ਨਾਗਰਿਕ ਸੀ
ਮੈਂ ਨਹੀਂ ਦੇਖੀ ਕਦੇ
ਆਮ ਆਦਮੀ ਦੀ ਲਾਸ਼
ਸਰਕਾਰੀ ਕੱਪੜੇ 'ਚ ਲਪੇਟੀ ਹੋਈ
ਮੈਂ ਨਹੀਂ ਦੇਖੀ ਕਦੇ
ਆਮ ਨਾਗਰਿਕ ਦੇ ਸਿਵੇ ’ਤੇ
ਇਕੱਠੀ ਹੋਈ ਪੁਲਸੀਆ ਕਤੀੜ,
ਚਿੱਟੀਆਂ, ਨੀਲੀਆਂ ਪੱਗਾਂ
ਅਤੇ ਖੱਦਰ ਵਾਲਿਆਂ ਦੀ ਧੱਕਾ ਮੁੱਕੀ,
ਮੈਂ ਨਹੀਂ ਦੇਖੇ
ਕਿਸੇ ਨਾਗਰਿਕ ਦੇ ਸਿਵੇ ’ਤੇ,
ਸਲਾਮ ਠੋਕਦੇ ਤੁਰਲਿਆਂ ਵਾਲੇ
ਸਲਾਮੀਂ ਦੇਂਦੀਆਂ
ਪੁਲਸੀਆਂ ਬੰਦੂਕਾਂ
ਮੈਂ ਨਹੀਂ ਦੇਖਿਆ
ਆਮ ਨਾਗਰਿਕ ਦੇ ਸਿਵੇ ’ਤੇ
ਇਟਲੀ ਵਾਲੀ ਬੀਬੀ ਦਾ
ਸ਼ੋਕ 'ਚ ਡੁੱਬਿਆ
ਹਿੰਦੁਸਤਾਨੀ ਸ਼ੋਕਰਾ
ਮੈਂ ਨਹੀਂ ਦੇਖੀ
ਕਿਸੇ ਆਮ ਆਦਮੀਂ ਦੇ ਸਿਵੇ ’ਤੇ
ਸਰਕਾਰੀ ਖ਼ਜ਼ਾਨੇ ਵਿੱਚੋਂ
ਨੋਟਾਂ ਦੀ ਬਾਰਿਸ਼
ਅਤੇ ਸਰਕਾਰੀ ਨੋਕਰੀਆਂ
ਦੀ ਹੁੰਦੀ ਗੜ੍ਹੇਮਾਰੀ
ਮੈਂ ਨਹੀਂ ਦੇਖੀ
ਕਿਸੇ ਆਮ ਆਦਮੀ ਦੇ ਸਿਵੇ ’ਤੇ
ਬੋਲੀ ਲੱਗਦੀ
ਅਸੈਂਬਲੀ ਟਿਕਟਾਂ ਦੀ
ਮੈਂ ਨਹੀਂ ਦੇਖਿਆ ਕਦੇ
ਸਿੱਧਾ ਪ੍ਰਸਾਰਣ
ਆਮ ਆਦਮੀ ਦੇ ਸਿਵੇ ਦਾ
ਅਤੇ ਸ਼ਮਸ਼ਾਨ 'ਚ
ਕੁਰਬੁਲ ਕੁਰਬੁਲ ਕਰਦੇ
ਪੱਤਰਕਾਰਾਂ ਦਾ ਹੜ੍ਹ
ਮੈਂ ਨਹੀਂ ਦੇਖਿਆ
ਸ਼ਹੀਦ ਦਾ ਰੁਤਬਾ
ਹਾਸਿਲ ਕਰਦਾ
ਮਰਿਆ ਹੋਇਆ ਆਮ ਆਦਮੀ
ਕੀ ਤੁਸਾਂ ਦੇਖਿਆ ਇਹ ਸਭ
ਕਿਸੇ ਆਮ ਆਦਮੀ ਦੇ ਸਿਵੇ ’ਤੇ ?
ਜੇ ਦੇਖਿਆ ਤਾਂ
ਜ਼ਰੂਰ ਦੱਸਣਾਂ
ਮੈਂ ਨਹੀਂ ਦੇਖਿਆ
ਆਮ ਆਦਮੀਂ ਦੇ ਸਿਵੇ 'ਤੇ...
[email protected]
iblkul sachi gl kiti hae ji