ਪੰਜਾਬ ਸਿੰਘ  -ਵਰਿੰਦਰ ਖੁਰਾਨਾ
      
      Posted on:-  20-04-2013
      
      
            
      
ਸਾਰੇ ‘ਸਭਾ ਭਵਨ’ ਵਿੱਚ ਬੈਠੇ 
ਵੱਡੇ ਅਧਿਕਾਰੀ ਦਾ ਭਾਸ਼ਣ ਸੁਣ ਰਹੇ ਸਨ ।
ਜੋ ਪੰਜਾਬ ਵਿੱਚ ਟੂਰੀਜ਼ਮ ਦੇ ਵਿਕਾਸ ਦੇ ਸੋਹਲੇ ਪੜਦ੍ਹਾ ਹੋਇਆ
ਇਥੋ ਦੀਆਂ ਸੜਕਾਂ , ਹੋਟਲਾਂ , ਏਅਰਪੋਰਟਾਂ , ਕਿਲ੍ਹਿਆਂ , ਬਾਗਾਂ ਦੀ 
ਤਾਰੀਫ ਕਰ ਰਿਹਾ ਸੀ 
ਤੇ ਉਹਨਾਂ ਨੁੰ ਦੇਸੀ ਤੇ ਵਿਦੇਸ਼ੀ ਸੈਲਾਨੀਆਂ ਲਈ
ਖਿੱਚ ਦਾ ਕੇਂਦਰ ਦੱਸ ਰਿਹਾ ਸੀ 
ਮੇਰੇ ਨਾਲ ਦੀ ਸੀਟ ਤੇ ਹੀ ‘ਪੰਜਾਬ ਸਿੰਘ’ ਬੈਠਾ ਸੀ 
ਸੁਣ ਰਿਹਾ ਸੀ ਇਹ ਸਭ ਕੁਝ
ਉਸਦੇ ਜ਼ਿਹਨ ‘ਚ ਅਚਾਨਕ ਪਤਾ ਨਹੀ ਕੀ ਆਇਆ ?
ਅਚਾਨਕ ਉੱਠਿਆ ਤੇ ਬੋਲਿਆ,
“ ਮੇਰੀ ਧਰਤੀ ਖੁਦਕੁਸ਼ੀਆਂ 
ਤੇ ਨਸ਼ਿਆਂ ਨੇ
ਖਾ ਲਈ
ਮੈ ਕਿਸੇ ਨੂੰ ‘ਜੀ ਆਇਆਂ’ ਕਿਵੇਂ ਆਖ ਸਕਦਾ ?
ਜਦ ਕਿ ਮੇਰੇ ਆਪਣੇ ਰਾਹਾਂ ਵਿੱਚ 
ਸੂਲਾਂ ਵਿੱਛੀਆਂ ਹੋਇਆਂ ਨੇ 
ਓ ਲੋਕੋ …
ਮੇਰੀ ਸਪਰੇਹਾਂ , ਜ਼ਹਿਲੀਆਂ ਖਾਦਾਂ ,
ਨਸ਼ੇ ਦੇ ਟੀਕਿਆਂ ਤੇ ਗੋਲੀਆਂ ਨਾਲ ਬਣੀ
‘ਕਬਰਗਾਹ’ ਨੂੰ ਆਪਣੇ ਫਾਇਦੇ ਲਈ 
ਸਵਰਗ ਤੇ ਖੁਸ਼ਹਾਲ ਨਾ ਆਖੋ 
                             
ਜੇ ਤੁਸੀ ‘ਟੂਰੀਜ਼ਮ’ ਦੇ ‘ਮੈਗਜ਼ੀਨਾਂ’ ਵਿੱਚ 
ਧੀ ਦੇ ਵਿਆਹ ਲਈ ਕਰਜਾ ਮੰਗਦੇ ਪੰਜਾਬੀ ਕਿਸਾਨ 
ਬਿਨਾਂ ਨੌਕਰੀ ਰੁਲਦਾ ਨੌਜੁਆਨ 
ਨਾੜਾਂ ਨੂੰ ਲੱਗੀ ਅੱਗ 
ਦਿਨੋ-ਦਿਨ ਡੂੰਘੇ ਹੋ ਰਹੇ ਪਾਣੀ 
ਪੰਜਾਬ ਦੀਆਂ ਰਗਾਂ ‘ਚ ਫੈਲਦੇ ਜਾਂਦੇ ਜ਼ਹਿਰ 
ਬੰਜਰ ਹੋ ਰਹੀ ਧਰਤੀ 
ਅਤੇ ਇਹੋ ਜਿਹੇ ਅਨੇਕਾਂ ਦਰਦਨਾਕ ਸੱਚ 
ਜਾਂ ਇਹਨਾਂ ਦੀਆਂ ਫੋਟੋਆਂ
ਨਹੀਂ ਦਿਖਾ ਸਕਦੇ 
ਤਾਂ ਘਟੋ-ਘੱਟ ਮੇਰੀ ‘ਸ਼ਮਸ਼ਾਨ-ਭੂਮੀ’ ਨੂੰ
IncrediBle ਆਖ ਕੇ 
ਮੇਰੀ ਗਰੀਬੀ ਦਾ ਮਜ਼ਾਕ ਤੇ ਨਾ ਉਡਾਓ……
ਕਿੳਂੁਕਿ ਅਸਲ ਗੱਲ ਕੁੱਝ ਹੋਰ ਹੈ 
ਇਹ ਤਸਵੀਰਾਂ ਜੋ ਤੁਸੀ ਬਾਹਰੋ ਆਏ ਲੋਕਾਂ ਨੂੰ 
ਦਿਖਾਉਣਾ  ਨਹੀਂ ਚਾਹੁੰਦੇ 
ਕਿਉਕਿ ਇਸ ਤਰ੍ਹਾਂ ਤੁਹਾਡੀ ਪੋਲ ਖੁੱਲਣ ਦਾ ਡਰ ਹੈ।
ਇਸ ਲਈ ਉਹਨਾਂ ਨੂੰ ਉਸ ‘ਨੈਸ਼ਨਲ ਹਾਇਵੇ’ ਤੋ ਉਤਾਰ ਕੇ 
ਅਸਲ ਪੰਜਾਬ ਦੇ ਦਰਸ਼ਨ ਕਰਵਾਉਣੇ ਪੈਣਗੇ।” 
‘ ਪੰਜਾਬ ਸਿੰਘ ’ ਫਿਰ ਚੀਕਿਆ 
ਕਹਿਣ ਲੱਗਾ “ ਬੰਦ ਕਰੋ ਪੰਜਾਬ ਨੂੰ ‘ਖੁਸ਼ਹਾਲ’ ਕਹਿਣਾ 
ਕਦੋ ਤੱਕ ਮਾਮੂਲੀ ਪ੍ਰਾਪਤੀਆਂ ਛਾਂ ਹੇਠ
ਵੱਡੀਆਂ ਸਮੱਸਿਆਵਾਂ ਨੂੰ ਨੀਂਦ ਦੀਆਂ ਗੋਲੀਆਂ ਖਵਾ ਕੇ 
ਸਵਾਈ ਰਖੋਗੇ ।” 
ਉਸ ਦੀਆਂ ਅੱਖਾਂ ‘ਚ ਖੂਨ ਉਤਰ ਆਇਆ ਸੀ ।
 
ਪਰ ਪਤਾ ਨਹੀਂ ਉਸਦੇ ਜ਼ਿਹਨ ਵਿੱਚ ਕੀ ਆਇਆ ?
ਤੇ ਉਹ ਚੁੱਪ-ਚਾਪ ‘ਸਭਾ ਭਵਨ’ ‘ਚੋਂ ਬਾਹਰ ਹੋ ਗਿਆ ।
ਬਸ ‘ਪੰਜਾਬ ਸਿੰਘ’ ਤਾਂ ਇਸੇ ਤਰ੍ਹਾਂ ਦਾ ਹੀ ਹੈ ।
ਪਤਾ ਨਹੀਂ ਅਚਾਨਕ ਹੀ ਉਸਦੇ ਜ਼ਿਹਨ ‘ਚ ਕੀ ਆਉਂਦਾ ਹੈ ?
ਸੰਪਰਕ:  94782 58283
     
     
      
     
    
Jasvir Singh Jodhpuri
Nice Article!