ਮੇਰੀ ਆਵਾਜ਼ - ਮਨਦੀਪ ਸੁੱਜੋਂ
Posted on:- 17-03-2013
ਮੈਂ ਲਿਖਾਂਗਾ
ਤੁਹਾਡੇ ਤੋਂ ਪੁੱਛ ਕੇ ਨਹੀਂ
ਕਿ ਕੀ ਲਿਖਾਂ
ਤੇ ਕੀ ਨਾ ਲਿਖਾਂ ?
ਮੇਰੀ ਕਲਮ ਦੀ ਆਵਾਜ਼
ਪੱਖ ਨਹੀਂ ਪੂਰਦੀ
ਤੁਹਾਡੇ ਸਰਮਾਏਦਾਰੀ ਹਿੱਤਾਂ ਦੇ,
ਮੈਂ ਨਹੀਂ ਬੋਲਾਂਗਾ
ਉਹ ਕਹਾਣੀਆਂ - ਕਵਿਤਾਵਾਂ
ਜੋ ਠੰਡਾ ਕਰਦੀਆਂ ਹੋਣ
ਤੁਹਾਡੀ ਹਵਸ ਦੀ ਭੁੱਖ ਨੂੰ ।
ਮੈਂ ਨਹੀਂ ਦੁਹਰਾਵਾਂਗਾ
ਉਹਨਾਂ ਸਤਰਾਂ ਨੂੰ
ਜੋ ਦੱਬੇ ਕੁਚਲੇ ਲੋਕਾਂ ਵਿਰੁੱਧ
ਤੁਹਾਡੀਆਂ ਸਾਜ਼ਿਸ਼ਾਂ ਦੀ
ਪਿੱਠ ਥਾਪੜਦੀਆਂ ਹੋਣ ।
ਮੇਰੀ ਆਵਾਜ਼ ਕੈਮਰਾ ਨਹੀਂ
ਕਿਸੇ ਠਰਕੀ ਪ੍ਰਡਿਉਸਰ ਦਾ
ਜੋ ਦਿਖਾਏਗਾ
ਕਿਸੇ ਮਜਬੂਰ ਕੁੜੀ ਦੇ
ਸਰੀਰ ਦੀਆਂ ਉਚਾਈਆਂ
ਸਿਰਫ ਤੁਹਾਡੇ ਸਵਾਦਾਂ ਲਈ ।
ਮੇਰੀ ਆਵਾਜ਼ ਕੋਈ
"ਕੰਵਲ" ਦੇ ਫੁੱਲ ਵਰਗੀ ਨਹੀਂ
ਜੋ ਥਾਲੀ ਦਾ ਬੈਂਗਣ ਬਣ
ਕਦੇ ਨਕਸਲਬਾੜੀ ਬਣੇ
ਜਾਂ ਵਹਿ ਜਾਵੇ
ਧਰਮੀਂ ਫਿਰਕਾਪ੍ਰਸਤੀ ਦੇ ਝੱਖੜ ਨਾਲ
ਆਪਣੀਆਂ ਜੇਬਾਂ ਭਰਨ ਲਈ ।
ਮੇਰੀ ਆਵਾਜ਼ ਨਾ ਹੀ ਕੋਈ ਰਸਾਲਾ ਹੈ
ਜੋ ਪ੍ਰੀਤ ਦੇ ਸੋਹਲੇ ਗਾਵੇ
ਜੋ ਹੋਕਾ ਦਿੰਦਾ ਫਿਰੇ
ਪ੍ਰੀਤ ਦੇ ਹੱਕ 'ਚ
ਫੇਰ ਆਪਣੇ ਘਰ ਆਈ ਪ੍ਰੀਤ ਦਾ
ਕਤਲ ਵੀ ਕਰ ਦੇਵੇ ।
ਮੈਂ ਤਾਂ ਆਵਾਜ਼ ਹਾਂ ਉਹਨਾਂ ਦੀ
ਜਿਹਨਾਂ ਦੇ ਚੁੱਕੇ ਹਥਿਆਰ
ਬਹੁਤ ਰੜਕਦੇ ਨੇ ਤੁਹਾਨੂੰ
ਪਰ ਕਿੱਥੇ ਸੀ ਤੁਸੀਂ ਤੇ ਤੁਹਾਡੀਆਂ ਸਰਕਾਰਾਂ ?
ਜੋ ਗੱਲਾਂ ਕਰਦੀਆਂ ਨੇ
ਸ਼ਾਂਤੀ ਬਹਾਲੀ ਦੀਆਂ
ਜਿਹਨਾਂ ਹੱਕ ਨਹੀਂ ਦਿੱਤੇ
ਆਜ਼ਾਦੀ ਤੋਂ 65 ਵਰ੍ਹੇ ਬਾਅਦ ਵੀ
ਤੇ ਹੁਣ ਇਹ ਆਵਾਜ਼
ਕੰਨ ਪਾੜਦੀ ਹੈ ਤੁਹਾਡੇ
ਜਦ ਇਸ ਨੂੰ ਨਿਕਲਣਾ ਪਿਆ
ਸੰਗੀਨ ਦੇ ਰਸਤੇ ਤੋਂ ।
ਮੈਂ ਤਾਂ ਆਵਾਜ਼ ਹਾਂ
ਬਸਤਰ ਦੇ ਜੰਗਲਾਂ ਵਿੱਚ
ਉਹਨਾਂ ਕੰਜਕਾਂ ਦੀਆਂ ਚੀਕਾਂ ਦੀ
ਜਿਹਨਾਂ ਦੇ ਸ਼ਰੀਰ ਨੋਚੇ
ਤੁਹਾਡੇ ਤਹਿਸੀਲਦਾਰਾਂ ਨੇ ।
ਮੈਂ ਆਵਾਜ਼ ਹਾਂ
ਰਾਜਧਾਨੀ ਦੀਆਂ ਉਹਨਾਂ ਗਲੀਆਂ ਦੀ
ਜਿੱਥੇ ਬਾਜ਼ ਨੋਚਦੇ ਨੇ ਚਿੜੀਆਂ ਨੂੰ
ਆਪਣੀਆਂ ਚੁੰਜਾਂ ਪੰਜਿਆਂ ਨਾਲ ।
ਮੈਂ ਆਵਾਜ਼ ਹਾਂ ਉਸ ਚੁੱਪ ਦੀ
ਜੋ ਛਾਈ ਹੁੰਦੀ ਹੈ ਉਸ ਵਿਹੜੇ
ਜਿੱਥੇ ਖੁਦਕੁਸ਼ੀ ਕਰਦਾ ਹੈ ਕਿਸਾਨ
ਕਰਜ਼ੇ ਦੇ ਭਾਰ ਹੇਠ ।
ਮੇਰੀ ਆਵਾਜ਼ ਤਾਂ
ਇੱਕ ਖੁੱਲਾ ਉੱਡਦਾ ਪੰਛੀ ਹੈ
ਨਾ ਕਿ ਤੁਹਾਡੀਆਂ
ਹਾਮੀਆਂ ਭਰਦੀ ਕੋਈ ਰਖੈਲ
Balihar Sandhu
Bahut Khoob Mandeep jee...keep it up !!