ਕਿਉਂ ਨਾ ਬੋਲਾਂ ? - ਮਨਦੀਪ ਸੁੱਜੌ
Posted on:- 25-02-2013
ਕੱਲ੍ਹ ਫੇਰ, ਦੋਸਤਾਂ ਕਿਹਾ
ਤੂੰ ਨਾ ਬੋਲ ।
ਚੁੱਪ ਤਾਂ ਰਿਹਾ, ਪਰ
ਸੋਚਦਾ ਰਿਹਾ
ਸਾਰੀ ਰਾਤ,
ਕਿਉਂ ਨਾ ਬੋਲਾਂ?
ਉਹਨਾਂ ਦਹਿਸ਼ਤਗਰਦਾਂ ਵਿਰੁੱਧ ?
ਜੋ ਨਿਰਧਾਰਿਤ ਕਰਦੇ
ਦਾਇਰੇ ਜੀਵਨ ਜਿਊਣ ਦੇ,
ਦੱਸਦੇ ਸੁਆਣੀਂ ਨੂੰ
ਕੀ ਪਾਉਣਾ ਕੀ ਹੰਢਾਉਣਾ ,
ਜੋ ਬਦਲਦੇ ਰੰਗ
ਬੱਚਿਆਂ ਦੀਆਂ ਦਸਤਾਰਾਂ ਦਾ
ਏ.ਕੇ 47 ਦੀਆਂ ਨੋਕਾਂ ’ਤੇ ।
ਕਿਉਂ ਨਾ ਬੋਲਾਂ
ਮੌਤ ਦੇ ਸੌਦਾਗਰਾਂ ਵਿਰੁੱਧ ?
ਜੋ ਜੁੰਮੇਵਾਰ ਬਣੇ
ਮਾਤਮ ਛਾਏ ਵਿਹੜਿਆਂ ਦੇ,
ਜਿੱਥੋਂ ਬਰਾਤ ਤੁਰਨੀ ਸੀ
ਜਿੱਥੇ ਡੋਲੀ ਢੁੱਕਣੀ ਸੀ,
ਕਿਉਂ ਨਾ ਬੋਲਾਂ
ਧਰਮੀਂ ਤਾਨਾਸ਼ਾਹਾਂ ਵਿਰੁੱਧ ?
ਜਿਹਨਾਂ ਨੰਗਾ ਨਾਚ ਨੱਚਿਆ
ਦਹਿਸ਼ਤ ਦਾ,
ਗਲੀਆਂ ਚੁਰਸਤਿਆਂ ’ਚ
ਤੇ ਆਪਣੀ ਵਾਰੀ
ਭਿੱਜੀ ਬਿੱਲੀ ਬਣ ਲੁੱਕੇ
ਮਸਜਿਦਾਂ, ਮੰਦਰਾਂ ਤੇ
ਗੁਰਦੁਆਰਿਆਂ ਵਿੱਚ ।
ਕਿਉਂ ਨਾ ਬੋਲਾਂ
ਉਹਨਾਂ ਪਖੰਡੀਆਂ ਵਿਰੁੱਧ ?
ਜੋ ਰਜਾਉਂਦੇ ਨੇ ਮੂਰਤੀਆਂ
ਦੁੱਧ ਪਿਲਾ ਕੇ
ਫਲ ਖੁਆ ਕੇ ।
ਕਿਉਂ ਨਾ ਬੋਲਾਂ
ਉਹਨਾਂ ਸੌਦਿਆਂ ਵਿਰੁੱਧ?
ਜੋ ਕਾਤਲ ਨੇ
ਬਲਾਤਕਾਰੀ ਝੂਠੇ ਨੇ,
ਫਿਰ ਵੀ ਸੱਚੇ ਅਖਵਾਉਂਦੇ ਨੇ ।
ਕਿਉਂ ਨਾ ਬੋਲਾਂ
ਉਹਨਾਂ ਸਵਾਮੀਆਂ ਵਿਰੁੱਧ ?
ਜੋ ਦੱਬਦੇ ਨੇ ਜ਼ਮੀਨ
ਕਿਸਾਨ ਦੀ,
ਰਾਧਾ - ਰਾਧਾ ਕਰਕੇ ।
ਕਿਉਂ ਨਾ ਬੋਲਾਂ
ਧਰਮੀਂ ਟਰਾਂਸਫਾਰਮਾਂ ਵਿਰੁੱਧ ?
ਜੋ ਖੁਦ ਸੜ੍ਹੇ ਨੇ
ਲੋਕਾਂ ਨੂੰ ਰੋਸ਼ਨੀ ਦਿੰਦੇ ਨੇ ।
ਸੰਪਰਕ: 0061 430 432 716
harjapsingh
bhut vadia veer g...