ਕੀ ਸਾਨੂੰ ਅਜ਼ਾਦੀ ਮਿਲੀ ਸੀ ? -ਦੀਪ ਠੂਠਿਆਂਵਾਲੀ
Posted on:- 15-08-2021
ਮੁਲਕ ਦੀ ਵੰਡ ਹੋਈ 1947 ਦਾ ਸੀ ਸਾਲ,
ਸਿਆਸਤ ਲਈ ਲਕੀਰ ਖਿੱਚਤੀ ਕਾਮਯਾਬ ਕੀਤੀ ਭੈੜੀ ਚਾਲ,
ਇੱਕ ਧਰਤੀ ਤੇ ਦੋ ਦੇਸ਼ ਬਣਾਏ ਇਹ ਕੈਸਾ ਜ਼ੰਜਾਲ।
ਕਿਵੇਂ ਜਿਗਰਾ ਕੀਤਾ ਹੋਣਾ ਜਿਨ੍ਹਾਂ ਆਪਣੇ ਵਸਦੇ ਘਰ ਸੀ ਛੱਡੇ,
ਕੁਝ ਲਹਿੰਦੇ ਕੁਝ ਚੜਦੇ ਪਾਸੇ ਆਪਣਿਆਂ ਹੱਥੋਂ ਗਏ ਵੱਢੇ।
ਕਤਲੋਗਾਰਤ ਹੋਈ ਤੇ ਇਨਸਾਨੀਅਤ ਵੀ ਕੀਤੀ ਸ਼ਰਮਸਾਰ,
ਆਪਣਿਆਂ ਹੱਥੋਂ ਆਪਣੇ ਮਰੇ ਉਹ ਮਾਨਸਿਕਤਾ ਸੀ ਬੀਮਾਰ।
ਧਰਤੀ ਤਾਂ ਵੰਡ ਲਈ ਤੇ ਵੰਡ ਲਏ ਧਾਰਮਿਕ ਅਸਥਾਨ,
ਕੁਝ ਰਹਿ ਗਏ ਭਾਰਤ ਦੇ ਵਿੱਚ ਕੁਝ ਰਹਿ ਗਏ ਪਾਕਿਸਤਾਨ,
ਮੰਦਿਰ ਮਸਜਿਦ ਵੀ ਵਿੱਛੜੇ ਤੇ ਵਿੱਛੜ ਗਿਆ ਨਨਕਾਣਾ,
ਨਫਰਤ ਕਦ ਖਤਮ ਹੋਊਗੀ ਕਦ ਹੋਊ ਸਿੱਧਾ ਆਉਣਾ ਜਾਣਾ।
ਸਾਂਝਾ ਸਾਡਾ ਸੱਭਿਆਚਾਰ ਤੇ ਸਾਂਝੀ ਸਾਡੀ ਬੋਲੀ,
ਗੈਰਾਂ ਨਾਲ ਮਿਲਕੇ ਅਸੀ ਭਾਈਚਾਰਕ ਸਾਂਝ ਮਿੱਟੀ ਵਿੱਚ ਰੋਲੀ।
ਇੱਕੋ ਜਿਹੇ ਘਰ ਸਾਡੇ ਤੇ ਇੱਕੋ ਜਿਹੀਆਂ ਗਲੀਆਂ,
ਝੂਠੀ ਅਜ਼ਾਦੀ ਦੇ ਨਾਮ ਤੇ ਦਿੱਤੀਆਂ ਸਾਡੀਆਂ ਬਲੀਆਂ।
ਆਜ਼ਾਦੀ ਦਾ ਨਿੱਘ ਕਿਵੇ ਮਾਣੀਏ ਕਰਿਆ ਜੋ ਸਾਡਾ ਕਬਾੜਾ,
ਭਾਰਤ ਪਾਕਿਸਤਾਨ ਬਣਾਇਆ ਕਰਕੇ ਪੰਜਾਬ ਦਾ ਉਜਾੜਾ।
ਰੱਬ ਮਿਹਰ ਕਰੇ ਕਦੇ ਇੰਝ ਹੋ ਜਾਵੇ,
ਚੜ੍ਹਦਾ ਲਹਿੰਦਾ ਪੰਜਾਬ ਇਕੱਠਾ ਹੋ ਜਾਵੇ,
ਹੱਦਾਂ ਬੰਨਾਂ ਸਭ ਟੁੱਟ ਜਾਵੇ,
ਚਨਾਅ ਦਾ ਪਾਣੀ ਸਤਲੁਜ ਨੂੰ ਜੱਫੀ ਪਾਵੇ,
ਆਉਣਾ ਜਾਣਾ ਸਿੱਧਾ ਹੋ ਜਾਵੇ,
ਈਦ ਦੀਵਾਲੀ ਇੱਕ ਹੋ ਜਾਵੇ,
ਫੇਰ ਕਦੀ ਜਿਨਹਾ ਨਹਿਰੂ ਨਾ ਆਵੇ
ਸਾਡੇ ਵਿੱਚ ਵੰਡੀਆਂ ਨਾ ਪਾਵੇ,
ਕਾਸ਼ ਦੀਪ ਦਾ ਇਹ ਸੁਪਨਾ ਸੱਚ ਹੋ ਜਾਵੇ।