ਸਿਆਸਤ ਨੇ ਖਾ ਲਿਆ ਦੇਸ਼ ਪੰਜਾਬ -ਦੀਪ ਠੂਠਿਆਂਵਾਲੀ
Posted on:- 05-08-2021
ਬਲਾਤਕਾਰ ਵੀ ਹੋਏ ਇੱਥੇ ਦਹੇਜ ਲਈ ਧੀ ਵੀ ਸਾੜੀ,
ਨਵਜੰਮੀਆਂ ਕੂੜੇ ਚੋਂ ਲੱਭਣ ਇੱਥੇ ਇਨਸਾਨੀਅਤ ਵੀ ਉਜਾੜੀ,
ਨਸਲਕੁਸੀ ਵੀ ਹੋਈ ਤੇ ਪਵਿੱਤਰ ਗੁਰਬਾਣੀ ਵੀ ਗਈ ਪਾੜੀ,
ਸ਼ੰਤਾਲੀ ਚਰਾਸੀ ਦੇ ਨਾਲ ਨਾਲ ਸਾਨੂੰ ਯਾਦ ਰਹੂ ਬਰਗਾੜੀ।
ਜੀਵਨਦਾਤਾ ਮੁੱਕਣ ਵਾਲਾ ਜਹਿਰੀਲਾ ਦਰਿਆ ਵਗਾ ਦਿੱਤਾ,
ਵੱਢ ਦਿੱਤੀ ਹਰਿਆਲੀ ਇੱਥੋਂ ਧਰਤੀ ਨੂੰ ਬੰਜਰ ਬਣਾ ਦਿੱਤਾ,
ਰੋਜਗਾਰ ਲੱਭਦਾ ਨਹੀ ਜਵਾਨੀ ਨੂੰ ਨਸ਼ਿਆਂ ਵਿੱਚ ਲਗਾ ਦਿੱਤਾ,
ਸ਼ੁੰਹ ਖਾਕੇ ਸਰਕਾਰ ਬਣਾਈ ਬਾਦ ਵਿੱਚ ਸਭ ਭੁੱਲ ਭੁਲਾ ਦਿੱਤਾ।
ਮਹਿੰਗਾਈ ਨੇ ਲੱਕ ਤੋੜਤਾ ਹੋ ਗਏ ਹਾਂ ਲਾਚਾਰ,
ਐਨਾ ਪੜ੍ਹ ਲਿੱਖ ਕੇ ਵੀ ਅਸੀ ਹੈਗੇ ਬੇਰੋਜਗਾਰ,
ਹੱਕ ਲੈਣ ਲਈ ਧਰਨੇ ਲਾਏ ਘਰ ਅੱਗੇ ਸਰਕਾਰ,
ਲਾਰੇ ਲਾਕੇ ਘਰ ਤੋਰਤੇ ਇਹ ਵੱਡੇ ਮੱਕਾਰ ।
ਅੱਜ ਦਾ ਪ੍ਰਸ਼ਾਸਨ ਕਿਹੜਾ ਘੱਟ ਡਾਇਰ ਤੋਂ,
ਪਾਣੀ ਦੀਆਂ ਬੌਛਾੜਾਂ ਕਿਹੜਾ ਘੱਟ ਫਾਇਰ ਤੋਂ,
ਉਦੋ ਖੂਨੀ ਖੂਹ ਵਿੱਚੋ ਕੱਢੇ ਹੁਣ ਕੱਢਦੇ ਆ ਨਹਿਰਾਂ ਤੋਂ,
ਆਪਣੇ ਹੀ ਇੱਥੇ ਚੱਮ ਪੱਟਦੇ ਡਰ ਨਹੀ ਸਾਨੂੰ ਗੈਰਾਂ ਤੋਂ।
ਦੀਪ ਨੇ ਕਲਮ ਨੂੰ ਬਣਾ ਲਿਆ ਤਲਵਾਰ,
ਸੱਚੇ ਸੁੱਚੇ ਸ਼ਬਦ ਜੋੜ ਕੇ ਪੇਸ਼ ਕੀਤੇ ਵਿਚਾਰ,
ਤਖਤਾ ਪਲਟਣ ਲਈ ਕਲਮਾਂ ਦੀ ਤੇਜ ਕਰਨੀ ਪੈਣੀ ਧਾਰ,
ਨੇਕੀ ਦੀ ਬਦੀ ਉੱਤੇ ਜਿੱਤ ਦਾ ਲਿੱਖਿਆ ਗ੍ਰੰਥਾਂ ਵਿੱਚ ਸਾਰ।