ਸ਼ਹੀਦ ਉੱਧਮ ਸਿੰਘ - ਦੀਪ ਠੂਠਿਆਂਵਾਲੀ
Posted on:- 31-07-2021
ਗੁਮਨਾਮੀ ਵਿੱਚ ਧੱਕ ਕੇ ਭੁਲਾ ਦਿੱਤਾ ਜੋ ਜੰਮਿਆ ਸੀ ਵਿੱਚ ਸੁਨਾਮ,
ਉਡਵਾਇਰ ਨੂੰ ਗੱਡੀ ਚਾੜਨੇ ਵਾਲਾ ਉੱਧਮ ਸਿੰਘ ਉਹਦਾ ਨਾਮ।
ਕੈਕਸਟਨ ਆਉਣਾ ਸੀ ਬੁੱਚੜ ਨੇ ਦੇਣ ਲੋਕਾਂ ਦੇ ਜੁਆਬ
ਉੱਧਮ ਸਿੰਘ ਵੀ ਆ ਗਿਆ ਪਿਸਤੌਲ ਰੱਖ ਕੇ ਵਿੱਚ ਕਿਤਾਬ।
ਇੱਕ ਇੱਕ ਗੋਲੀ ਦਾ ਹਿਸਾਬ ਲੈਣਾ ਜੋ ਨਿਹੱਥਿਆਂ ਦੇ ਮਾਰੀ,
ਗੋਰੇ ਦੀ ਹਿੱਕ ਵਿੱਚ ਗੋਲੀ ਮਾਰਕੇ ਉਹਨੇ ਕਾਇਮ ਰੱਖੀ ਸਰਦਾਰੀ।
ਆਜਾਦੀ ਦੇ ਦੀਵਾਨੇ ਕਿੱਥੋ ਡਰਦੇ ਲਾ ਦਿੰਦੇ ਜਾਨ ਦੀ ਬਾਜੀ,
ਵੈਰੀ ਦੀ ਛਾਤੀ ਵਿੱਚ ਪਿੱਤਲ ਭਰਕੇ ਉਹਨੇ ਮੋੜ ਦਿੱਤੀ ਸੀ ਭਾਜੀ।
ਲੰਡਨ ਜਾ ਵੈਰੀ ਲਲਕਾਰਿਆ ਇਸ ਜਜਬੇ ਦੀ ਦੇਣੀ ਪਊਗੀ ਦਾਦ,
ਇੱਕੋ ਮਾਲਾ ਤਿੰਨੋ ਪਰੋਤੇ ਰਾਮ ਮੁਹੰਮਦ ਸਿੰਘ ਆਜਾਦ।
ਕੋਈ ਰੱਬ ਨੂੰ ਪਾਉਣੇ ਲਈ ਮੱਕੇ ਜਾਦਾ ਤੇ ਕੋਈ ਜਾਦਾ ਕਾਸ਼ੀ,
ਆਜਾਦੀ ਨੂੰ ਹੀ ਰੱਬ ਮੰਨਣ ਵਾਲੇ ਚੁੰਮ ਲੈਦੇ ਨੇ ਫਾਂਸੀ।
ਉਪਾਸਕ ਹਾਂ ਅਸੀ ਆਜਾਦੀ ਦੇ ਸਾਡੇ ਖੂਨ ਵਿੱਚ ਵਫਾਦਾਰੀ,
ਜੋ ਕਹਿੰਦੇ ਹਾਂ ਉਹ ਕਰਦੇ ਹਾਂ ਸਾਨੂੰ ਅਣਖ ਜਾਨ ਤੋਂ ਪਿਆਰੀ।