ਬਸ! ਆਖਣ ਨੂੰ ਹੀ ਰਹਿ ਗਿਆ… -ਸੁਖਦਰਸ਼ਨ ਸਿੰਘ ਸ਼ੇਰਾ
      
      Posted on:-  26-06-2020
      
      
      								
				   
                                    
      
ਪੁੱਤ ਕਿਸੇ ਦਾ, ਪਤੀ ਕਿਸੇ ਦਾ, 
ਵੀਰ ਕਿਸੇ ਦਾ, ਹੁੰਦਾ ਏ ਕੁਰਬਾਨ ਨੀ 
ਬਾਰਡਰ ਅਤੇ ਬਰੂਦਾਂ ਅੱਗੇ, 
ਖੜਦੇ ਹਿੱਕਾ ਤਾਣ ਨੀ ।
ਗੁੰਡੇ ਜਦੋਂ ਚਲਾਵਣ ਸੱਤਾ, 
ਦੇਸ਼ ਦਾ ਹੁੰਦਾ ਘਾਣ ਨੀ। 
ਧਰਮ ਨਾ ਕੋਈ ਸਿਖਾਉਦਾਂ ਲੜਨਾ, 
ਪੜ ਲਓ ਬਾਈਬਲ, ਗ੍ੰਥ,ਕੁਰਾਨ ਨੀ 
ਬਸ! ਹੁਣ ਆਖਣ ਨੂੰ ਹੀ ਰਹਿ ਗਿਆ
ਮੇਰਾ ਭਾਰਤ ਦੇਸ ਮਹਾਨ ਨੀ ।
                             
ਡਿਗਰੀਆਂ ਵਾਲੇ ਕਰਨ ਦਿਹਾਤੀ,
ਐਸ਼ਾਂ ਕਰਨ ਸ਼ੈਤਾਨ ਨੀ।
ਕੁੱਝ ਘਪਲੇ ਕਰਕੇ ਅਰਬਾਂ ਦੇ,
ਦੇਸ਼ੋ ਭੱਜ ਵਿਦੇਸ਼ੀਂ ਜਾਣ ਨੀ ।
ਹੱਥ ਨਾਲ ਮਿਲੇ ਸਰਕਾਰਾਂ ਦੇ,
ਸਭ ਰਲ ਮਿਲ ਕੇ ਵੰਡ ਕੇ ਖਾਣ ਨੀ।
ਅੰਨੀ ਪੀਂਹਦੀਂ ਕੁੱਤੇ ਚਟਦੇ, 
ਸਾਰਾ ਸੁੱਤਾ ਪਿਆ ਜਹਾਨ ਨੀ।
ਬਸ! ਹੁਣ ਆਖਣ ਨੂੰ ਹੀ ਰਹਿ ਗਿਆ 
ਮੇਰਾ ਭਾਰਤ ਦੇਸ ਮਹਾਨ ਨੀ ।
ਮਰਿਆ ਦਾ ਕਈ ਕਫਨ ਨੇ ਖਾਂਦੇ, 
ਕਿਤੇ ਖਾ ਜਾਂਦੇ ਕਈ ਦਾਨ ਨੀ ।
ਮਾਂਵਾਂ ਰੋ ਰੋ ਹੋਈਆਂ ਅੰਨ੍ਹੀਆਂ, 
ਨਸ਼ਾ ਖਾ ਗਿਆ ਪੁੱਤ ਜਵਾਨ ਨੀ। 
ਧੀਆਂ ਕੁੱਖਾਂ ਵਿਚ ਕਿਉਂ ਮਰਦੀਆਂ,
ਫਿਰਦੇ ਗਲੀਆਂ ਵਿੱਚ ਹੈਵਾਨ ਨੀ ।
ਅੱਜ ਧਰਤੀ ਪੰਜ ਦਰਿਆਵਾਂ ਦੀ, 
ਮੇਰੀ ਕਰਤੀ ਲਹੂ ਲੁਹਾਣ ਨੀ ।
ਬਸ! ਹੁਣ ਆਖਣ ਨੂੰ ਹੀ ਰਹਿ ਗਿਆ 
ਮੇਰਾ ਭਾਰਤ ਦੇਸ ਮਹਾਨ ਨੀ ।
ਬਾਬਾ ਸਾਹਿਬ ਜੀ ਔਰਤ ਨੂੰ, 
ਬਣਾ ਗਏ ਸੀ ਪ੍ਰਧਾਨ ਨੀ। 
ਜੋ ਜੋ ਹੱਕ ਸਾਨੂੰ ਲੈ ਕੇ ਦਿੱਤੇ, 
ਅੱਜ ਖਾਂਦੇ ਨੇ ਬੈਠੇ ਬੇਈਮਾਨ ਨੀ। 
ਉਨ੍ਹਾਂ ਕਿੰਨੇ ਝੱਲੇ ਦੁਖੜੇ, 
ਮੈ ਕੀ ਕੀ ਕਰਾਂ ਬਿਆਨ ਨੀ। 
ਦੁਸ਼ਮਣ ਕੋਝੀਆ ਚਾਂਲਾਂ ਚਲਦੇ, 
ਕਹਿੰਦੇ ਬਦਲ ਦੇਣਾ ਸੰਵਿਧਾਨ ਨੀ। 
ਬਸ! ਹੁਣ ਆਖਣ ਨੂੰ ਹੀ ਰਹਿ ਗਿਆ 
ਮੇਰਾ ਭਾਰਤ ਦੇਸ ਮਹਾਨ ਨੀ ।
ਇੱਕ ਫੀਸ ਨਾ ਮਾਫ਼ ਸਕੂਲਾਂ ਦੀ, 
ਬਾਕੀ ਸਭ ਕੁੱਝ ਪਰਵਾਣ ਨੀ।
ਜਦੋਂ ਜਬਰ ਜੁਲਮ ਦੀ ਹੱਦ ਵੱਧ ਜਾਏ, 
ਫਿਰ ਨਿੱਤਰੋ ਵਿੱਚ ਮੈਦਾਨ ਨੀ ।
ਜੀਉਣਾ ਭੇਡਾਂ ਵਾਂਗੂ ਛੱਡ ਦੋ, 
ਪੜ੍ਹੋ ਲਿਖੋ ਬਣੋ ਵਿਦਵਾਨ ਨੀ। 
ਹੁਣ ਰੀਝ ਹੈ ਇੱਕੋ 'ਸ਼ੇਰੇ' ਦੀ, 
ਸੱਚ ਲਿਖਦਿਆਂ ਜਾਣ ਪ੍ਰਾਣ ਨੀ ।
ਬਸ! ਹੁਣ ਆਖਣ ਨੂੰ ਹੀ ਰਹਿ ਗਿਆ 
ਮੇਰਾ ਭਾਰਤ ਦੇਸ ਮਹਾਨ ਨੀ ।
           ਸੰਪਰਕ:  98157 85521