ਗੀਤ -ਕੁਲਦੀਪ ਸਿੰਘ ਘੁਮਾਣ
Posted on:- 24-09-2019
ਪੰਜਾਬੀਏ ਜ਼ੁਬਾਨੇ ਬੜੀ ਵੱਡੀਏ ਰਕਾਨੇ,
ਤੂੰ ਸਾਡੀ ਲੱਗਦੀ ਐਂ ਕੀ ?
ਤੇਰੇ ਨਾਂ ਤੇ ਮੂਰਖ਼ ਬਣਾਇਆ ਨੀ ਜ਼ਮਾਨੇ ਤਾਈਂ,
ਹੁਣ ਅਸੀਂ 'ਬੀਬੇ ਰਾਣੇ ਜੀਅ'।
ਪੰਜਾਬੀਏ ਜ਼ੁਬਾਨੇ ਨੀ ਰਕਾਨੇ ।
ਹੁਣ ਸਾਨੂੰ ਨਿਰੀ ਤੂੰ ਉਜੱਡ ਜਿਹੀ ਜਾਪਦੀ,
'ਮਾਸੀ' ਨਾਲ ਫਿਰੇਂ ਨੀਂ ਤੂੰ ਕੱਦ ਜਿਹਾ ਨਾਪਦੀ।
ਉਹ ਤਾਂ ਸਾਨੂੰ ਲੱਗੇ ਹੁਣ 'ਵੱਡਿਆਂ ਘਰਾਂ ਦੀ',
ਸਾਨੂੰ ਬੁੱਲ੍ਹੇ ਤੇ ਫ਼ਰੀਦ ਨਾਲ ਕੀ?
ਤੇਰੇ ਨਾਂ ਤੇ ਲੁੱਟਿਆ।
ਤੂੰ ਭਾਵੇਂ ਸਾਡੇ ਨਾਲ ਕੀਤਾ ਨਾਂ ਧਰੋਹ ਸੀ,
ਤੇਰੇ ਨਾਲ ਸਾਡਾ ਬੱਸ ਇੰਨਾ ਕੁ ਈ ਮੋਹ ਸੀ।
ਤੇਰੇ ਨਾਲੋਂ ਸਾਨੂੰ ਹੁਣ ਚੰਗੀਆਂ ਤਰੱਕੀਆਂ ਨੀ,
ਤੇਰਾ ਸਾਡਾ ਲੈਣਾ ਦੇਣਾ ਕੀ?
ਤੇਰੇ ਨਾਂ ਤੇ ਲੁੱਟਿਆ।
ਮੀਢੀਆਂ ਖਿਲਾਰਨੇ ਨੂੰ ਕੱਲੇ ਈ ਬੜੇ ਆਂ,
ਗੱਲੀਂ ਬਾਤੀਂ ਉਂਜ ਤੇਰੇ ਹੱਕ ਚ ਖੜ੍ਹੇ ਆਂ।
ਕਲਜੁਗ ਵਿੱਚ ਪੁੱਤ ਹੁੰਦੇ ਆ ਕਪੁੱਤ,
ਦੱਸ ਇਹਦੇ 'ਚ ਕਸੂਰ ਸਾਡਾ ਕੀ?
ਤੇਰੇ ਨਾਂ 'ਤੇ ਲੁੱਟਿਆ।
ਦਿੱਤੀਆਂ ਬਥੇਰੀਆਂ ਤੂੰ ਸ਼ੋਹਰਤਾਂ ਤਰੱਕੀਆਂ,
ਲੱਗਣ ਨਾ ਦਿੱਤੀਆਂ ਹਵਾਵਾਂ ਕਦੇ ਤੱਤੀਆਂ।
ਅਸੀਂ ਤਾਂ ਬਣਾਇਆ ਬੱਸ ਤੈਨੂੰ ਰੁਜ਼ਗਾਰ,
ਉਂਝ ਕਦੋਂ ਦੇ ਵਿਸਾਰੀ ਬੈਠੇ ਸੀ?
ਤੇਰੇ ਨਾਂ ਤੇ ਲੁੱਟਿਆ।
ਬੜਾ ਚਿਰ ਤੇਰੇ ਨਾਂ ਤੇ ਖਾ ਲਿਆ ਹੰਢਾ ਲਿਆ,
ਹੋ ਗਿਆ ਪੁਰਾਣਾ ਸੀ ਨਕਾਬ ਅਸੀਂ ਲਾਹ ਲਿਆ।
'ਘੁਮਾਣਾਂ' ਚਿਹਰਾ ਮੁਹਰਾ ਤਾਂ ਨਕਾਬ ਲਾਹਿਆਂ ਦਿੱਸਦੈ,
ਕਦੋਂ ਦੇ ਲੁਕੋਈ ਬੈਠੇ ਸੀ।
ਤੇਰੇ ਨਾਂ ਤੇ ਲੁੱਟਿਆ।