ਸ਼ਹਿਰ ਚੁੱਪ ਹੈ - ਸੰਧੂ ਗਗਨ
Posted on:- 10-09-2019
ਟਿਕੀ ਰਾਤ
ਘਰ ਨੂੰ ਪਰਤ ਰਿਹਾ ਹੁੰਦਾ ਹਾਂ...
ਕਿਸੇ-ਕਿਸੇ
ਰੌਸ਼ਨਦਾਨ ਵਿੱਚੋਂ
ਨਿੰਮ੍ਹੀ-ਨਿੰਮ੍ਹੀ ਰੌਸ਼ਨੀ
ਛਣ ਕੇ ਆ ਰਹੀ ਹੁੰਦੀ ਹੈ
ਕਿਸੇ-ਕਿਸੇ
ਦਰਵਾਜ਼ੇ ਪਿੱਛੋਂ
ਹੱਸਣ ਦੀ ਅਵਾਜ਼ ਸੁਣਾਈ ਦਿੰਦੀ ਹੈ
ਕਿਸੇ-ਕਿਸੇ
ਘਰ ਵਿੱਚੋਂ
ਚੂੜੀਆਂ ਦੀ
ਛਣਕਾਰ ਸੁਣਾਈ ਦਿੰਦੀ ਹੈ
ਟੁੱਟ ਹੋਏ ਖੰਭੇ ਕੋਲ ਬੈਠਾ ਕੁੱਤਾ
ਪੈੜਾਂ ਦੀ ਆਹਟ ਸੁਣ
ਉੱਠ
ਪੂਛ ਹਿਲਾਉਣ ਲੱਗਦਾ ਹੈ
ਸੁੰਨੀ ਪਈ
ਸੜਕ ਦੇ ਵਿਚਕਾਰ ਖੜ
ਵਸਦੇ-ਰਸਦੇ ਸ਼ਹਿਰ ਨੂੰ ਤੱਕਦਾ ਹਾਂ
ਅਚਾਨਕ
ਤਾੜ ਕਰਕੇ
ਕੋਈ ਗੱਡੀ ਮੇਰੇ ਨਾਲ ਟਕਰਾਉਂਦੀ ਹੈ
ਤੇ ਮੈਂ ਤ੍ਰਬਕ ਕੇ ਉਠਦਾ ਹਾਂ...!”
ਸੁਕਰ ਹੈ
ਸੁਪਨਾ ਸੀ
ਸ਼ਹਿਰ ਸੁੰਨ-ਸਾਨ ਪਿਆ ਹੈ
ਕੋਈ ਰੌਸ਼ਨੀ ਨਹੀਂ...
ਕੋਈ ਅਵਾਜ਼ ਨਹੀਂ...
ਕੋਈ ਛਣਕਾਰ ਨਹੀਂ...
ਰਾਤ ਦਾ ਡਰਾਵਣਾ ਸੁਪਨਾ
ਸਵੇਰੇ ਕਿਸ ਨੂੰ ਸੁਣਾਵਾਂਗਾ...
ਸ਼ਹਿਰ ਵਿੱਚ ਕੋਈ ਯਾਰ ਵੀ ਨਹੀ...!
ਚੁੱਪ
ਹੋਰ ਪਸਰ ਜਾਂਦੀ ਹੈ।
ਰਾਬਤਾ: +91 75894 31402