ਬਲਕਰਨ ਕੋਟ ਸ਼ਮੀਰ ਦੀ ਇੱਕ ਕਾਵਿ ਰਚਨਾ
Posted on:- 20-07-2019
ਤੂੰ ਸੱਜਣਾਂ ਘਬਰਾਇਆ ਨਾ ਕਰ।
ਹਰ ਗੱਲ ਦਿਲ ’ਤੇ ਲਾਇਆ ਨਾ ਕਰ।
ਸ੍ਰਿਸ਼ਟੀ ਚੱਲਦੀ ਆਪਣੀ ਮਰਜ਼ੀ,
ਤੂੰ ਇੰਝ ਤਿਲਮਿਲਾਇਆ ਨਾ ਕਰ।
ਦੁਨੀਆਂ ਦਾ ਵਿਸ਼ਲੇਸ਼ਣ ਕਰਕੇ,
ਖੁਦ ਨੂੰ ਇੰਝ ਤੜਪਾਇਆ ਨਾ ਕਰ।
ਬੱਚਿਆਂ ਵਾਂਗ ਮਾਸੂਮ ਰਿਹਾ ਕਰ,
ਦਿਲ 'ਤੇ ਬੋਝ ਵਧਾਇਆ ਨਾ ਕਰ।
ਤਿਤਲੀ ਬਣ ਕੇ ਉੱਡਿਆ ਵੀ ਕਰ,
ਹਾਸੇ ਨੂੰ ਠੁਕਰਾਇਆ ਨਾ ਕਰ।
ਮਿਰਚਾਂ ਚੁੱਕੀ ਫਿਰਦੇ ਲੋਕੀ,
ਸਭ ਨੂੰ ਜ਼ਖ਼ਮ ਦਿਖਾਇਆ ਨਾ ਕਰ।
ਆਪੇ ਆਵੇ ਲਿਖ ਲਿਆ ਕਰ,
ਕਵਿਤਾ ਨੂੰ ਵਰਗਲਾਇਆ ਨਾ ਕਰ।
ਨੇੜੇ ਬਹਿ ਕੇ, ਜੀ ਲੁਆ ਕੇ,
ਫਿਰ 'ਬਲਕਰਨ' ਤੂੰ ਜਾਇਆ ਨਾ ਕਰ।
ਰਾਬਤਾ: +91 62839 64386