Thu, 21 November 2024
Your Visitor Number :-   7252680
SuhisaverSuhisaver Suhisaver

ਜਿਬਗਨਿਉ ਹਰਬਰਟ ਦੀਆਂ ਕੁਝ ਕਵਿਤਾਵਾਂ

Posted on:- 31-12-2012


ਕਵੀ ਬਾਰੇ


ਜਿਬਗਨਿਉ ਹਰਬਰਟ ( 29 ਅਕਤੂਬਰ 1924 – 28 ਜੁਲਾਈ 1998 ) ਪੋਲੈਂਡ ਦਾ ਕਵੀ ਤੇ ਨਾਟਕਕਾਰ ਸੀ। ਓਹ ਪੋਲਿਸ਼ ਪ੍ਰਤਿਰੋਧ ਅੰਦੋਲਨ ਦਾ ਹਿੱਸੇਦਾਰ ਵੀ ਰਿਹਾ। ਹਰਬਰਟ ਦਾ ਨਾਂ ਉਹਨਾਂ ਪੋਲਿਸ਼ ਕਵੀਆਂ 'ਚ ਸ਼ਿਰੋਮਣੀ ਹੈ, ਜਿਨ੍ਹਾਂ ਦੀ ਕਵਿਤਾ ਨੂੰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੁਨੀਆਂ ਦੀਆਂ ਹੋਰ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ। ਸ਼ੁਰੂਆਤੀ ਦਿਨਾਂ ਵਿਚ ਸਰਕਾਰੀ ਛਾਪੇਖਾਨੇ ਤੋਂ ਛਪਣ ਮਗਰੋਂ ਉਸ ਨੇ ਵਿਰੋਧ ਦਰਜ ਕਰਦਿਆਂ ਆਪਣੀਆਂ ਲਿਖਤਾਂ ਉਥੇ ਘੱਲਣੀਆਂ ਬੰਦ ਕਰ ਦਿੱਤੀਆਂ। ਜਿਬਗਨਿਉ ਓਹਨਾਂ ਮੁੱਖ ਕਵੀਆਂ ਵਿੱਚੋਂ ਸੀ, ਜਿਨ੍ਹਾਂ ਪੋਲੈਂਡ ਵਿਚ ਕਮਿਊਨਿਸਟ ਸਰਕਾਰ ਦਾ ਵਿਰੋਧ ਕੀਤਾ। 1986 ਵਿਚ ਓਹ ਪੈਰਿਸ ਚਲਾ ਗਿਆ, ਜਿੱਥੇ ਇਕ ਸਾਹਿਤਿਕ ਪੱਤ੍ਰਿਕਾ ਨਾਲ ਜੁੜਿਆ ਰਿਹਾ, ਪੋਲੈਂਡ ਉਸ ਦੀ ਵਾਪਸੀ 1992 ਚ ਹੋਈ, ਪੋਲਿਸ਼ ਸਰਕਾਰ ਨੇ ਸਾਲ  2007 ਨੂੰ ਜਿਬਗਨਿਉ ਹਰਬਰਟ ਦੇ ਵਰੇ ਦੇ ਤੌਰ ’ਤੇ ਸਥਾਪਿਤ ਕੀਤਾ।


1.  ਮੱਛੀਆਂ

ਮੱਛੀਆਂ ਦੀ ਨੀਂਦ ਕਲਪਨਾ ਤੋ ਪਰੇ ਹੈ
ਤਲਾਅ ਦੀ ਸਭ ਤੋਂ ਹਨੇਰੀ ਨੁੱਕਰ ਵਿੱਚ
ਕਾਨਿਆਂ ਵਿਚਕਾਰ
ਓਹਨਾਂ ਦਾ ਆਰਾਮ ਵੀ ਜਾਗਣ ਬਰੋਬਰ ਹੈ
ਓਹ ਚਿਰਕਾਲ ਇੱਕ ਹੀ ਮੁਦਰਾ ਵਿੱਚ ਪਈਆਂ ਰਹਿੰਦੀਆਂ
ਇਹਨਾਂ ਬਾਰੇ ਕੁਝ ਵੀ ਕਹਿਣਾ ਅਸੰਭਵ ਏ
ਇਹਨਾਂ ਦੇ ਸਿਰ ਸਿਰਹਾਣਿਆਂ ਨਾਲ ਵੱਜਦੇ ਨੇ

ਇਹਨਾ ਦੇ ਹੰਝੂ ਜੰਗਲ ਦਾ ਰੁਦਨ ਨੇ..ਅਨਗਿਣਤ

ਮੱਛੀਆਂ ਆਪਣੀ ਮਾਯੂਸੀ ਕਿਸੇ ਇਸ਼ਾਰੇ ਨਾਲ ਨਹੀਂ ਦੱਸ ਸਕਦੀਆਂ
ਇਹੋ ਉਸ ਖੁੰਢੀ ਛੁਰੀ ਨੂੰ ਸਹੀ ਦਸਦਾ
ਜੋ ਓਹਨਾਂ ਦੀ ਰੀੜ ਚੀਰਦਿਆਂ
ਓਹਨਾਂ ਦੀ ਪਿੱਠ ਤੋਂ ਸਿਲਮੇ ਸਿਤਾਰੇ ਉਜਾੜ ਦਿੰਦੀ ਹੈ

2.  ਹਾਥੀ
 
ਅਸਲ 'ਚ ਹਾਥੀ ਬੜੇ ਜਜ਼ਬਾਤੀ ਤੇ ਬੇਚੈਨ ਪ੍ਰਾਣੀ ਹੁੰਦੇ
ਓਹ ਕਲਪਨਾ 'ਚ ਇਸ ਤਰਾਂ ਗੁੰਮ ਰਹਿੰਦੇ ਨੇ
ਕਿ ਓਹਨਾਂ ਨੂੰ ਆਪਣੀ ਖਬਰ-ਸਾਰ ਨਹੀਂ ਰਹਿੰਦੀ
ਜਦੋਂ ਓਹ ਪਾਣੀ ਵਿਚ ਲਹਿੰਦੇ ਨੇ
ਤਾਂ ਆਪਣੀਆਂ ਅੱਖਾਂ ਮੀਚ ਲੈਂਦੇ
ਆਪਦੇ ਪੈਰ ਤੱਕਦਿਆਂ
ਓਹ ਲਾਚਾਰੀ 'ਚ ਰੋਂਦੇ ਨੇ

ਮੈਂ ਇੱਕ ਹਾਥੀ ਨੂੰ ਜਾਣਦਾ ਹਾਂ
ਜਿਹਨੂੰ ਇੱਕ ਮਰਮਰ ਚਿੜੀ ਨਾਲ ਮੁਹੱਬਤ ਹੋ ਗਈ
ਉਸਦਾ ਵਜਨ ਘੱਟ ਗਿਆ
ਨੀਂਦ ਉੱਡ ਗਈ
ਔਰ ਅੰਤ ਚ ਓਹ ਦਿਲ ਟੁੱਟਣ ਕਾਰਣ ਮਰ ਗਿਆ
ਹਾਥੀਆਂ ਦੇ ਸੁਭਾਅ ਤੋਂ ਅਨਜਾਣ ਲੋਕਾਂ ਕਿਹਾ
ਓਹ ਬਹੁਤ ਮੋਟਾ ਸੀ

3. ਦਿਲ 

ਮਨੁੱਖ ਦੇ ਅੰਦਰੂਨੀ ਅੰਗ
ਗੰਜੇ ਅਤੇ ਥਿੰਦੇ ਹੁੰਦੇ ਹਨ
ਪੇਟ, ਆਂਦਰਾਂ ਤੇ ਫੇਫੜੇ ਗੰਜੇ ਹੁੰਦੇ ਨੇ
ਕੇਵਲ ਦਿਲ ਉੱਤੇ ਵਾਲ ਹੁੰਦੇ ਨੇ
ਸੰਘਣੇ  ਤੇ ਕਦੇ ਕਦੇ ਲੰਮੇ ਵੀ
ਇਹ ਇੱਕ ਮਸਲਾ ਹੈ
ਦਿਲ ਦੀ ਜੱਤ
ਜਲ ਪੌਦਿਆਂ ਦੀ ਤਰਾਂ
ਖੂਨ ਦੇ ਵਗਣ 'ਚ ਰੁਕਾਵਟ ਪਾਉਂਦੀ ਏ
ਇਹ ਵਾਲ ਅਕਸਰ ਕੀੜਿਆਂ ਨਾਲ ਭਰੇ ਹੁੰਦੇ
ਆਪਣੀ ਪ੍ਰੇਮਣ ਦੇ ਦਿਲ ਦੇ ਕੇਸਾਂ ਚੋਂ
ਬੜੀ ਫੁਰਤੀ ਨਾਲ
ਇਹਨਾਂ ਪਰਜੀਵੀਆਂ ਨੂੰ ਕੱਢਣ ਵਾਸਤੇ
ਤੁਹਾਨੂੰ ਉਸ ਨਾਲ
ਬਹੁਤ ਡੂੰਘਾ ਪ੍ਰੇਮ ਕਰਨਾ ਪਵੇਗਾ

4. ਹੱਥੇਦਾਰ ਕੁਰਸੀਆਂ
ਕਿਸਨੇ ਸੋਚਿਆ ਹੋਵੇਗਾ
ਕਿ ਜੋਸ਼ ਭਰੀ ਗਰਦਨ
ਇੱਕ ਦਿਨ ਕੁਰਸੀ ਦਾ ਹੱਥਾ ਹੋ ਜਾਵੇਗੀ
ਜਾਂ
ਖੁਸ਼ੀ ਨਾਲ ਉੱਡਣ ਲਈ ਬੇਕਰਾਰ ਪੈਰ
ਸਧਾਰਣ ਚਾਰ ਪੈਰ ਬਣ ਕੇ ਖੜੇ ਹੋ ਜਾਣਗੇ ?
ਹੱਥੇਦਾਰ ਕੁਰਸੀਆਂ ਪਹਿਲਾਂ
ਫੁੱਲ-ਖੋਰ ਜੀਵ ਹੁੰਦੀਆਂ ਸਨ
ਅੱਜ ਓਹ ਚੁਪਾਇਆ ਦੀ ਸਭ ਤੋਂ ਨਖਿਧ ਜਾਤ ਹਨ
ਪਤਾ ਨਹੀਂ ਓਹਨਾਂ ਖੁਦ ਨੂੰ ਇੰਝ ਕਿਵੇਂ ਪਾਲਤੂ ਹੋਣ ਦਿੱਤਾ
ਇਹਨਾਂ ਆਪਣੀ ਸਾਰੀ ਜਿੱਦ ਤੇ ਹਿੰਮਤ ਗੁਆ ਲਈ ਹੈ
ਅੱਜ ਓਹ ਬੜੀਆਂ ਹਲੀਮੀ ਚ ਨੇ
ਨਾਂ ਤਾਂ ਇਹਨਾਂ ਕਦੇ ਕਿਸੇ ਨੂੰ ਮਿੱਧਿਆ ਹੈ
ਨਾਂ ਕਿਸੇ ਨਾਲ ਦੌੜ ਲਾਈ ਹੈ
ਇਹਨਾਂ ਨੂੰ ਆਪਣੇ ਨਿਰਜੀਹ ਜੂਨ ਬਾਰੇ ਪਤਾ ਹੈ

ਇਹਨਾਂ ਦੀ ਹਤਾਸ਼ਾ ਇਹਨਾਂ ਦੀ ਚੀੰ ਚੀੰ ਤੋ ਪਤਾ ਲਗਦੀ ਹੈ

5.  ਕੋਈ ਹੋਰ ਸੇਵਾ ਸ਼੍ਰੀ ਮਾਨ
ਜਰੂਰ ! ਕਈ ਕੰਮ ਨੇ
ਤਾਕੀ ਖੋਲ ਦਿਓ
ਸਿਰਹਾਣਾ ਠੀਕ ਕਰ ਦਿਓ
ਚਾਹ ਕੱਪ 'ਚ ਪਾ ਦਿਓ

--ਇਹ ਸਭ
--ਬਸ ਏਨਾ ਹੀ

ਦੋਹੇਂ ਕੰਮ ਨੇ, ਜਿਆਦਾ ਵੀ
ਕੁਝ ਖਾਸ ਵੀ ਨਹੀਂ

ਕਿਉਂਕਿ ਬੜੇ ਧਿਆਨ ਨਾਲ ਕਰਨੇ ਹਨ ਇਹ ਦੋਹੇਂ ਕੰਮ

ਤਾਕੀ ਖੋਲਣੀ ਹੈ ਸਮੁਚੇ ਬਸੰਤ ਵੱਲੇ
ਤੇ ਸਿਰਹਾਣੇ ਮੁਤਾਬਕ ਕਰਨਾ ਹੈ ਸਿਰ

6. ਲੇਖਾ ਦੇਣ ਦੀ ਕੋਸ਼ਿਸ਼
ਪਹਿਲਾਂ ਤਾਂ ਮੈਂ ਆਪਣਾ ਲੇਖਾ ਦਿਆਂਗਾ
ਆਪਣੇ ਸਿਰ ਤੋ ਸ਼ੁਰੂ ਕਰਦਿਆਂ
ਚੰਗਾ ਹੋਵੇਗਾ
ਕਿ ਆਪਣੇ ਪੈਰ ਤੋਂ
ਜਾਂ ਫਿਰ ਹਥ ਤੋਂ ਹੀ
ਆਪਣੇ ਖੱਬੇ ਹੱਥ ਦੀ ਚੀਚੀ ਤੋਂ ਸ਼ੁਰੂ ਕਰਕੇ

ਬੜੇ ਮੋਹ ਵਾਲੀ ਹੈ
ਮੇਰੀ ਚੀਚੀ
ਥੋੜਾ ਅੰਦਰ ਨੂੰ ਮੁੜੀ ਹੋਈ
ਨਹੁੰ ਤੇ ਮੁਕਦੀ
ਤਿੰਨ ਹਿੱਸਿਆਂ 'ਚ ਬਣੀ ਹੈ ਇਹ  
ਸਿੱਧਾ ਮੇਰੀ ਤਲੀ ਚੋਂ ਨਿਕਲਦੀ ਹੋਈ
ਏਹਦਾ ਵੱਸ ਚਲਦਾ
ਤਾਂ ਇਹ ਵੱਡਾ ਜਿਹਾ ਕੀੜਾ ਹੋ ਜਾਂਦੀ

ਅਦਭੁਤ ਉਂਗਲ ਹੈ ਇਹ
ਸਾਰੀ ਦੁਨੀਆ ਤੋਂ ਵਖਰੀ
ਖੱਬੇ ਹਥ ਦੀ ਚੀਚੀ
ਜਿਹੜੀ
 ਮੈਨੂੰ ਬਖਸ਼ੀ ਗਈ

ਖੱਬੇ ਹਥ ਦੀਆਂ ਬਾਕੀ ਛੋਟੀਆਂ ਉਂਗਲਾਂ
ਭਾਵ ਵਿਹੂਣੀਆਂ ਅਮੂਰਤ ਨੇ
ਸਾਡਾ ਜਨਮ ਦਿਨ ਇੱਕੋ ਦਿਨ ਹੈ
ਇੱਕ ਹੀ ਦਿਨ ਮਰਨਾ ਹੈ ਅਸਾਂ
ਔਰ ਇੱਕੋ ਜਿਹਾ ਇੱਕਲਾਪਾ ਸਾਡਾ

ਸਿਰਫ ਮਟਮੈਲੀਆਂ ਨਾੜਾਂ ਦੀ ਜਾਂਚ ਚ ਲੱਗਾ
ਲਹੂ ਹੀ
ਦੋ ਵਖਰੇ ਕੰਢਿਆਂ ਨੂੰ ਜੋੜਦਾ ਹੈ
ਆਪਸੀ ਸਹਮਤੀ ਦੇ ਇੱਕ ਸੂਤਰ ਵਿਚ

7.  ਚੀਜਾਂ

ਬੇਜਾਨ ਵਸਤਾਂ ਹਮੇਸ਼ਾ ਸਹੀ ਹੁੰਦੀਆਂ ਨੇ
ਮੰਦ ਭਾਗ ਕਿ ਓਹਨਾਂ ਤੇ ਕੋਈ ਬੱਜ ਨਹੀਂ ਲਾਇਆ ਜਾ ਸਕਦਾ
ਮੈਂ ਕਦੇ ਕਿਸੇ ਕੁਰਸੀ ਨੂੰ
ਦੂਜੀ ਕੁਰਸੀ ਤੇ ਆਪਣਾ ਭਾਰ ਸੁੱਟਦਿਆਂ ਨਹੀਂ ਵੇਖਿਆ
ਨਾ ਕਿਸੇ ਪਲੰਗ ਨੂੰ ਪਿਛਲੇ ਪੈਰੀਂ ਖੜੇ ਵੇਖਿਆ
ਤੇ ਮੇਜ
ਬਾਵਜੂਦ ਥੱਕੇ ਹੋਣ ਦੇ
ਓਹ ਆਪਣੇ ਗੋਡੇ ਮੋੜਨ ਦੀ ਹਿੰਮਤ ਨਹੀਂ ਕਰਦੇ
ਮੈਨੂੰ ਲਗਦਾ
ਜਿਵੇਂ ਇਹ ਤਮਾਮ ਚੀਜਾਂ
ਨਸੀਹਤ ਦੇਣ ਦੇ ਵਿਚਾਰ ਤੋਂ
ਸਾਡੀ ਅਸਿਥਰਤਾ ਲਈ ਸਾਨੂੰ
ਲਾਹਨਤ ਪਾਉਂਦੀਆਂ ਨੇ

ਅਨੁਵਾਦ: ਮੋਨਿਕਾ ਕੁਮਾਰ
ਸੰਪਰਕ: 94175 32822

Comments

Jaswinder Sandhu

Good job, translation of other lingual literature is important addition to any language.

Jasbir Dhiman

ਤੁਸੀਂ ਜਿਬਗਨਿਉ ਹਰਬਰਟ ਜੀ ਦੀਆਂ ਕਵਿਤਾਵਾਂ ਦਾ ਪੰਜਾਬੀ ਵਿਚ ਅਨੁਵਾਦ ਕਰ ਕੇ ਬਹੁਤ ਵਧੀਆ ਕੰਮ ਕੀਤਾ ਹੈ

PALI SINGH

SOCH HAI, JIDHER MARJI GHUMAIN LAVOO<< SARTHIK HO JAVE TAIN VADYIA.thx

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ