ਗ਼ਜ਼ਲ - ਹਰਦੀਪ ਬਿਰਦੀ
      
      Posted on:-  10-07-2019
      
      
            
      
ਜਗ ਸਾਗਰ ਵਿੱਚ ਰਹਿਣਾ ਪੈਂਦਾ।
ਡੂੰਘੇ ਤਲ ਤੱਕ ਲਹਿਣਾ ਪੈਂਦਾ।
ਬਲਦਾ ਦੀਵਾ ਫੜ੍ਹਨੇ ਖ਼ਾਤਿਰ
ਸੇਕਾ ਤਾਂ ਕੁਝ ਸਹਿਣਾ ਪੈਂਦਾ।
ਸ਼ਬਦਾਂ ਵਿੱਚੋਂ ਅਰਥਾਂ ਖ਼ਾਤਿਰ
ਕੁਝ ਸੁਣਨਾ ਕੁਝ ਕਹਿਣਾ ਪੈਂਦਾ।
ਜੀਵਨ ਵਿੱਚ ਜੇ ਕੁਝ ਸਿੱਖਣਾ ਹੈ 
ਕੋਲ ਸਿਆਣੇ ਬਹਿਣਾ ਪੈਂਦਾ।
ਵਿੱਚ ਸਮੁੰਦਰ ਜਾਣਾ ਜੇਕਰ
ਲਹਿਰਾਂ ਦੇ ਸੰਗ ਖਹਿਣਾ ਪੈਂਦਾ।
                             
ਤਾਨਾਸ਼ਾਹੀ ਕਰਦੇ ਅੱਗੇ
ਹਾਂਜੀ ਹਾਂਜੀ ਕਹਿਣਾ ਪੈਂਦਾ।
ਇਸ਼ਕ ਮੁਹੱਬਤ ਦੇ ਮਹਿਲਾਂ ਨੂੰ
ਦੁਨਿਆਂ ਹੱਥੋਂ ਢਹਿਣਾ ਪੈਂਦਾ।
ਕੌਣ ਰਜ਼ਾ ਵਿੱਚ ਰਾਜ਼ੀ ਉਸਦੀ
ਵਿੱਚ ਰਜ਼ਾ ਪਰ ਰਹਿਣਾ ਪੈਂਦਾ। 
ਰਾਬਤਾ: +91 90141 600900