ਹੁਣ ਹੈ ਦੌਰ ਮੋਬਾਈਲਾਂ ਵਾਲਾ –ਯਸ਼ੂ ਜਾਨ
Posted on:- 21-06-2019
ਹੁਣ ਹੈ ਦੌਰ ਮੋਬਾਈਲਾਂ ਵਾਲਾ,
ਗੁੰਮ ਹੋ ਗਿਆ ਪਹਿਲਾਂ ਵਾਲਾ,
ਅੱਜ ਹੈ ਦੌਰ ਮੋਬਾਈਲਾਂ ਵਾਲਾ,
ਮਾਪੇ ਵੀ ਤਾਂ ਅਕਲ ਨਾ ਕਰਦੇ,
ਬੱਚੇ ਵੀ ਨਾ ਤਾਹੀਓਂ ਡਰਦੇ,
ਘਰਦਿਆਂ ਕੋਲੋਂ ਰੱਖਣ ਪਰਦੇ,
ਬਾਅਦ ' ਚ ਹੁੰਦੀ ਲਾਲਾ - ਲਾਲਾ,
ਅੱਜ ਹੈ ਦੌਰ ਮੋਬਾਈਲਾਂ ਵਾਲਾ
ਨੈੱਟ ਪੈਕ ਜੇ ਹੋਵੇ ਮੁੱਕਾ,
ਮੁੰਡਾ ਹੋ ਜਾਏ ਸੜ ਕੇ ਸੁੱਕਾ,
ਸਹੇਲੀ ਦੇ ਨਾਲ ਗੱਲ ਸੀ ਕਰਨੀ,
ਰੋਟੀ ਤੇ ਫਿਰ ਕੱਢੇ ਗੁੱਸਾ,
ਪਹਿਲਾਂ ਮੇਰਾ ਨੈੱਟ ਪਵਾਓ,
ਮਨ ਦੇ ਅੰਦਰ ਕੱਢੇ ਗਾਲਾਂ,
ਹੁਣ ਹੈ ਦੌਰ ਮੋਬਾਈਲਾਂ ਵਾਲਾ,
ਗੁੰਮ ਹੋ ਗਿਆ ਪਹਿਲਾਂ ਵਾਲਾ
ਰਾਤ ਨੂੰ ਜਾਨੂੰ ਸਵੀਟੂ ਕਰਦੇ,
ਚਾਦਰ ਦੇ ਵਿੱਚ ਹੌਲੀ-ਹੌਲੀ,
ਉਂਗਲਾ ਇੰਝ ਸਕ੍ਰੀਨ ਤੇ ਚੱਲਣ,
ਚੱਲੇ ਜਿਵੇਂ ਬੰਦੂਕ ਚੋਂ ਗੋਲੀ,
ਮਾਪੇ ਫਿਕਰਾਂ ਦੇ ਵਿੱਚ ਮਰਦੇ,
ਰੰਗ ਹੋ ਗਿਆ ਤਵਿਓਂ ਕਾਲਾ,
ਹੁਣ ਹੈ ਦੌਰ ਮੋਬਾਈਲਾਂ ਵਾਲਾ,
ਗੁੰਮ ਹੋ ਗਿਆ ਪਹਿਲਾਂ ਵਾਲਾ
ਕੁੜੀ ਹੋਵੇ ਜਾਂ ਹੋਵੇ ਮੁੰਡਾ,
ਇੱਕ ਦੂਜੇ ਤੋਂ ਘੱਟ ਨਹੀਂ ਹੁੰਦਾ,
ਦੋਵੇਂ ਇੱਜ਼ਤ ਘਰਦੀ ਹਵਣ,
ਹੱਥ ਨਾ ਆਵੇ ਵਕਤ ਜੋ ਖੁੰਝਾ,
ਆਪੇ ਸੋਚੋ ਯਸ਼ੂ ਜਾਨ ਜੀ,
ਵੱਖੋ - ਵੱਖ ਹੈ ਗਰਮੀ ਪਾਲਾ,
ਹੁਣ ਹੈ ਦੌਰ ਮੋਬਾਈਲਾਂ ਵਾਲਾ,
ਗੁੰਮ ਹੋ ਗਿਆ ਪਹਿਲਾਂ ਵਾਲਾ