ਪਾਬਲੋ ਨੈਰੂਦਾ ਦੀ ਕਵਿਤਾ
Posted on:- 11-04-2019
(13 ਅਪ੍ਰੈਲ 2019 ਨੂੰ ਜਲ੍ਹਿਆਂਵਾਲੇ ਬਾਗ ਕਤਲੇਆਮ ਦੀ ਸ਼ਤਾਬਦੀ ਮਨਾਈ ਜਾ ਰਹੀ ਹੈ। ਇਹ ਸ਼ਤਾਬਦੀ ਅੰਗਰੇਜ਼ ਹਕੂਮਤ ਖਿਲਾਫ ਜੂਝਣ ਵਾਲੇ ਜੁਝਾਰੂਆਂ ਦੀ ਕੌਮੀ ਮੁਕਤੀ ਭਾਵਨਾ, ਅੰਗਰੇਜ਼ੀ ਸਾਮਰਾਜ ਦੀ ਗੁਲਾਮੀ ਦਾ ਜੂਲਾ ਲਾਹ ਸੁੱਟਣ ਦੀ ਤਾਂਘ ਨੂੰ, ਅਤੇ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਨ ਦੇ ਮਕਸਦ ਨਾਲ ਮਨਾਈ ਜਾ ਰਹੀ ਹੈ। ਅਜਿਹੇ ਮੌਕੇ ਉਹਨਾਂ ਅਮਰ ਸ਼ਹੀਦਾਂ ਨੂੰ ਸ਼ਰਧਾਜ਼ਲੀ ਦੇਣ ਲਈ ਪੇਸ਼ ਹੈ ਪਾਬਲੋ ਨੈਰੂਦਾ ਦੀ ਇੱਕ ਕਵਿਤਾ।)
ਸੜਕਾਂ, ਚੌਰਾਹਿਆਂ ਉੱਤੇ ਮੌਤ ਅਤੇ ਲਾਸ਼ਾਂ
(1)
ਮੈਂ ਸਜ਼ਾ ਦੀ ਮੰਗ ਕਰਦਾ ਹਾਂ
ਆਪਣੇ ਉਹਨਾਂ ਸ਼ਹੀਦਾਂ ਦੇ ਨਾਮ 'ਤੇ
ਉਹਨਾਂ ਲੋਕਾਂ ਲਈ
ਮੈਂ ਸਜ਼ਾ ਦੀ ਮੰਗ ਕਰਦਾ ਹਾਂ
ਉਹਨਾਂ ਲਈ ਜਿਨ੍ਹਾਂ ਨੇ ਸਾਡੀ ਮਾਤਭੂਮੀ ਨੂੰ
ਲਹੂ-ਲੁਹਾਣ ਕੀਤਾ
ਉਹਨਾਂ ਲੋਕਾਂ ਲਈ
ਮੈਂ ਸਜ਼ਾ ਦੀ ਮੰਗ ਕਰਦਾ ਹਾਂ
ਜਿਹਨਾਂ ਦੇ ਹੁਕਮਾਂ ਨਾਲ
ਇਹ ਜ਼ੁਲਮ ਹੋਇਆ, ਇਹ ਖੂਨ ਡੁੱਲ੍ਹਿਆ
ਉਹਨਾਂ ਗਦਾਰਾਂ ਲਈ
ਮੈਂ ਸਜ਼ਾ ਦੀ ਮੰਗ ਕਰਦਾ ਹਾਂ
ਜਿਹਨਾਂ ਨੇ ਲੋਥਾਂ ਦੇ ਢੇਰ ਤੇ ਖੜਨ ਦੀ ਹਿਮਾਕਤ ਕੀਤੀ
ਉਹਨਾਂ ਲਈ ਮੇਰੀ ਮੰਗ ਹੈ
ਉਹਨਾਂ ਨੂੰ ਸਜ਼ਾ ਦਿਓ, ਸਜ਼ਾ ਦਿਓ
ਜਿਹਨਾਂ ਲੋਕਾਂ ਨੇ ਹੱਤਿਆਰਿਆਂ ਨੂੰ ਮਾਫ ਕਰ ਦਿੱਤਾ
ਉਹਨਾਂ ਲਈ ਮੈਂ ਸਜ਼ਾ ਦੀ ਮੰਗ ਕਰਦਾ ਹਾਂ
ਮੈਂ ਹਰੇਕ ਨਾਲ ਹੱਥ ਨਹੀਂ ਮਿਲਾ ਸਕਦਾ
ਮੈਂ ਉਹਨਾਂ ਲਹੂ-ਭਿੱਜੇ ਹੱਥਾਂ ਨੂੰ ਭੁੱਲ ਵੀ ਨਹੀਂ ਸਕਦਾ
ਅਤੇ ਨਾ ਹੀ ਛੋਹ ਸਕਦਾ ਹਾਂ
ਮੈਂ ਨਹੀਂ ਚਾਹੁੰਦਾ ਕਿ ਉਹ ਚੌਂਪਾਸੀਂ ਮੌਤ ਦੇ ਵਣਜਾਰੇ ਬਣਕੇ ਘੁੰਮਣ
ਮੈਂ ਇਹ ਵੀ ਨਹੀਂ ਚਾਹੁੰਦਾ
ਕਿ ਉਹਨਾਂ ਦਾ ਕਰੂਰ ਚਿਹਰਾ ਲੁਕਿਆ ਰਹੇ
ਮੈਂ ਚਾਹੁੰਦਾ ਹਾਂ
ਉਹਨਾਂ ਉੱਤੇ ਮੁਕੱਦਮਾ ਚੱਲੇ
ਇੱਥੇ ਹੀ, ਖੁੱਲ੍ਹੇ ਅਸਮਾਨ ਹੇਠ
ਠੀਕ ਇੱਥੇ ਹੀ
ਮੈਂ ਉਹਨਾਂ ਨੂੰ ਸਜ਼ਾਵਾਂ ਮਿਲਦੀਆਂ ਵੇਖਣਾ ਚਾਹੁੰਦਾ ਹਾਂ
(2)
ਮੈਂ ਉਹਨਾਂ ਸ਼ਹੀਦਾਂ ਨਾਲ ਵਾਰਤਾ ਕਰਨੀ ਚਾਹੁੰਦਾ ਹਾਂ
ਸ਼ਹੀਦ ਜੋ ਕਿਤੇ ਨਹੀਂ ਗਏ
ਸਾਥੀਓ ! ਯੁੱਧ ਜਾਰੀ ਰਹੇਗਾ
ਸਾਡੀ ਲੜਾਈ ਅਸੀਂ ਜਾਰੀ ਰੱਖਾਂਗੇ
ਕਾਰਖਾਨਿਆਂ ' ਚ, ਖੇਤਾਂ-ਬੰਨਿਆਂ ' ਚ
ਹਰ ਗਲੀ-ਮੁਹੱਲੇ ਇਹ ਲੜਾਈ ਜਾਰੀ ਰਹੇਗੀ
ਲੂਣ ਦੀਆਂ ਖਾਣਾਂ ' ਚ
ਇਹ ਲੜਾਈ ਜਾਰੀ ਰਹੇਗੀ
ਇਹ ਲੜਾਈ ਜਾਰੀ ਰਹੇਗੀ
ਖੁੱਲ੍ਹੇ ਮੈਦਾਨਾਂ ' ਚ
ਤਾਂਬੇ ਦੀਆਂ ਭੱਠੀਆਂ ' ਚ ਭੜਕ ਉੱਠਣਗੀਆਂ
ਲਾਲ-ਹਰੀਆਂ ਲਪਟਾਂ
ਪਹੁ-ਫੁਟਦੇ ਹੀ ਕੋਇਲੇ ਦਾ ਕਾਲਾ ਧੂਆਂ
ਭਰ ਜਾਂਦਾ ਹੈ ਜਿਨ੍ਹਾਂ ਕੋਠੜੀਆਂ ' ਚ
ਉੱਥੇ ਹੀ ਖਿੱਚੀ ਜਾਣੀ ਹੈ
ਯੁੱਧ ਦੀ ਲਕੀਰ
ਅਤੇ ਸਾਡੇ ਦਿਲਾਂ ' ਚ
ਇਹ ਝੰਡੇ ਥੋਡੇ ਡੁੱਲ੍ਹੇ ਲਹੂ ਦੇ ਗਵਾਹ ਨੇ
ਜਦ ਤੱਕ ਇਹਨਾਂ ਦੀ ਗਿਣਤੀ
ਜ਼ਰਬਾਂ ਨਹੀਂ ਫੜ ਲੈਂਦੀ
ਇਹ ਲਹਿਰਾਉਂਦੇ ਹੀ ਨਹੀਂ ਰਹਿਣਗੇ
ਬਲਕਿ ਹੋਰ ਜੋਰ-ਜੋਰ ਨਾਲ ਝੂਲਣਗੇ
ਬਸੰਤ ਦੀ ਉਡੀਕ ' ਚ
ਲੱਖਾਂ-ਹਜ਼ਾਰਾਂ ਪੱਤਿਆਂ ਵਾਂਗ
(3)
ਹਜ਼ਾਰਾਂ ਸਾਲਾਂ ਤੱਕ
ਇਹਨਾਂ ਸੜਕਾਂ ਤੇ ਵਿਛੇ ਪੱਥਰਾਂ ' ਚੋਂ
ਥੋਡੇ ਕਦਮਾਂ ਦੀ ਧਮਕ
ਅਤੇ ਤਾਲ ਸੁਣਾਈ ਦਿੰਦੀ ਰਹੇਗੀ
ਪੱਥਰਾਂ ਤੇ ਪਏ ਥੋਡੇ ਲਹੂ ਦੇ ਦਾਗ
ਹੁਣ ਮਿਟਾਏ ਨਹੀਂ ਜਾ ਸਕਣਗੇ
ਲੋਕ ਰੋਹ ਦੀ ਲਲਕਾਰ
ਇਸ ਮਰਨਾਊ ਚੁੱਪ ਨੂੰ ਤੋੜ ਦੇਵੇਗੀ
ਥੋਡੇ ਬਲੀਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ
ਗੂੰਜਦੇ ਘੜਿਆਲ
ਇਸਦੀ ਯਾਦ ਦਿਵਾਉਂਦੇ ਰਹਿਣਗੇ
ਮੀਹਾਂ ' ਚ ਕੱਚੀਆਂ ਕੰਧਾਂ ਨੂੰ ਸਲ੍ਹਾਬ ਜਕੜ ਲਵੇਗੀ
ਉੱਲ੍ਹੀ ਲੱਗੀਆਂ ਸਲ੍ਹਾਬੀਆਂ ਕੰਧਾਂ ਦੇ
ਕੰਬ ਉੱਠਣ ਤੇ ਵੀ
ਸ਼ਹੀਦੋ ਥੋਡੇ ਨਾਮ ਦੀ ਜਵਾਲਾ
ਕੋਈ ਬੁਝਾ ਨਹੀਂ ਸਕੇਗਾ
ਜਾਲਮਾਂ ਦੇ ਹਜ਼ਾਰਾਂ ਹੱਥ
ਜ਼ਿੰਦਾ ਇਛਾਵਾਂ ਦਾ ਗਲਾ ਨਹੀਂ ਘੁੱਟ ਸਕਦੇ
ਉਹ ਦਿਨ ਆ ਰਿਹਾ ਹੈ
ਅਸੀਂ ਸਾਰੀ ਦੁਨੀਆਂ ਦੇ ਲੋਕ ਇੱਕਜੁੱਟ ਹਾਂ
ਆਸੀਂ ਸਾਰੇ ਲੋਕ ਅੱਗੇ ਵੱਧਦੇ ਜਾ ਰਹੇ ਹਾਂ
ਦੁੱਖਾਂ ਦੇ ਇਹ ਅਖੀਰੀ ਦਿਨ ਹਨ
ਭਾਰੀ ਲੜਾਈ ਲੜ੍ਹ ਕੇ
ਫੈਸਲੇ ਦਾ ਉਹ ਦਿਨ ਖੋਹ ਲਿਆ ਗਿਆ ਹੈ
ਅਤੇ ਤੁਸੀਂ
ਓ ! ਮੇਰੇ ਮਹਿਰੂਮ ਭਰਾਵੋ !
ਖਾਮੋਸ਼ੀ ' ਚੋਂ ਨਿਕਲ ਕੇ ਤੁਹਾਡੀ ਅਵਾਜ਼ ਗੂੰਜੇਗੀ
ਅਜਾਦੀ ਦੀਆਂ ਅਨੰਤ ਅਵਾਜ਼ਾਂ ਨੂੰ ਮਿਲਣ ਲਈ
ਅਤੇ ਮਨੁੱਖ ਦੀਆਂ ਇਛਾਵਾਂ ਅਤੇ ਰੀਝਾਂ
ਅਜਿੱਤ ਲਰਜ਼ਦੇ ਮੋਰਚਿਆਂ ਨੂੰ ਮਿਲਣ
ਨਿਕਲ ਪੈਣਗੀਆਂ