ਹੇ ਸਬਰੀ ! - ਗਗਨਦੀਪ ਸਿੰਘ ਸੰਧੂ
Posted on:- 16-10-2017
ਮੇਰੇ ਸੱਖਣੇ ਕਾਸੇ ਵਿੱਚ
ਦੋ ਬੇਰ ਜੂਠੇ
ਪਾ ਤਾਂ ਸਹੀ
ਤਾਂ ਜੋ . . .
ਕਟ ਜਾਵੇ
ਸੌਖਿਆਂ ਹੀ
ਉਮਰਾਂ ਦਾ
ਬਣਵਾਸ ਮੇਰਾ !
ਮੇਰੀ ਠਰਦੀ ਰੂਹ ਨੂੰ
ਜ਼ਰਾ ਕੁ
ਨਿੱਘ ਬਖ਼ਸ਼
ਤਾਂ ਜੋ . . .
ਘਟੇ ਥੋੜ੍ਹੀ ਹਵਾੜ
ਬਾਰਿਸ਼ਾਂ ਦੀ ਹੁੰਮ੍ਹਸ ਵਾਲੀ !
ਮੇਰੇ ਜ਼ਿਹਨ ਵਿੱਚ
ਸ਼ੋਰ ਹੈ
ਨਦੀਆਂ ਦੀ ਕਲ-ਕਲ ਦਾ
ਰੂਹ ਦਾ ਪਾਣੀ
ਹੁਣ ਸਾਗਰ ਹੋਣਾ ਲੋਚਦੈ !!
ਹੇ ਸਬਰੀ. . .!
ਤੂੰ ਮੇਰੇ ਸੱਖਣੇ ਕਾਸੇ ਵਿੱਚ
ਦੋ ਬੇਰ ਜੂਠੇ
ਪਾ ਤਾਂ ਸਹੀ
ਕਿ ਮੈਂ
ਅਪਣੇ ਬਣਵਾਸ ਵਿੱਚ
ਕੁਝ ਪਲ
ਸਕੂਨ ਦੇ ਚਾਹੁੰਦਾ ਹਾਂ !
ਮੈਂ ਸਬਰੀ ਹੋਣਾ ਚਾਹੁੰਦਾ ਹਾਂ !
ਰੂਹ ਦੀ ਸਰਦਲ 'ਤੇ
ਤੇਰੀ ਆਮਦ ਦਾ
ਸੁਲੱਖਣਾ ਪਲ
ਲਕਸ਼ ਬਿੰਦੂ ਹੈ
ਮੇਰੇ ਸਕੂਨ ਦਾ ;
ਮੈਂ ਤੇਰੇ ਤੋਂ
ਸਕੂਨ ਚਾਹੁੰਦਾ ਹਾਂ...
ਤੇਰੀ ਸਹਿਜ ਤੱਕਣੀ
ਮਾਰੂਥਲੀ ਔੜਾਂ ਨੂੰ
ਤਿ੍ਪਤ ਕਰਦੀ ਹੈ,
ਮੈਂ ਤੈਨੂੰ ਪਾਣੀ ਵਾਂਗ
ਰੱਕੜਾਂ 'ਤੇ ਫੈਲਿਆ
ਵੇਖਣਾ ਚਾਹੁੰਦਾ ਹਾਂ !
ਤੂੰ ਅਪਣੀ ਸੁਲਗਦੀ ਖ਼ਾਮੋਸ਼ੀ ਨੂੰ
ਬੋਲਣ ਲਈ ਆਖ;
ਕਥਾ ਛੇੜ ਕੋਈ
ਤਨ ਦੀ ਮਿੱਟੀ ਦੇ
ਪਿਆਜੀ ਅਹਿਸਾਸਾਂ ਦੀ;
ਬਾਤ ਪਾ ਕੋਈ
ਵੇਦਾਂ ਤੋਂ ਪਾਰ ਦੀ... ...
ਕਤੇਬਾਂ ਤੋਂ ਪਾਰ ਦੀ... ...
ਕਿ ਮੇਰਾ ਬਣਵਾਸ ਕਟ ਜਾਵੇ !!
ਮੇਰੇ ਸੱਖਣੇ ਕਾਸੇ ਵਿੱਚ
ਦੋ ਬੇਰ ਜੂਠੇ
ਪਾ ਤਾਂ ਸਹੀ...
ਦਮ ਘੁਟਿਆ ਪਿਆ ਹੈ
ਸੰਤਾਪ ਭੋਗਦਿਆਂ
ਹੁਣ ਤਾਂ
ਉਮਰਾਂ ਦੇ ਬਣਵਾਸ ਵਿੱਚ
ਕੁਝ ਪਲ ਸਕੂਨ ਦੇ ਚਾਹੁੰਦਾ ਹਾਂ...
ਮੈਂ ਸਬਰੀ ਹੋਣਾ ਚਾਹੁੰਦਾ ਹਾਂ...
ਸੰਪਰਕ: +91 758943 1402