ਇਹ ਵੀ ਬਚਪਨ - ਰਵੇਲ ਸਿੰਘ ਇਟਲੀ
Posted on:- 21-12-2012
ਇੱਟਾਂ ਪੱਥਦੇ ,
ਰੋੜੀ ਕੁੱਟਦੇ ,
ਭਾਂਡੇ ਧੋਂਦੇ,
ਚਾਂਹਵਾਂ ਢੋਂਦੇ ,
ਕੂੜਾ ਕਰਕਟ,
ਗੰਦ ਫਰੋਲਣ ,
ਸੜਦੀ ਧੁੱਪੇ ,
ਇਸ ਗੰਦ ਵਿੱਚੋਂ ,ਰੋਟੀ ਲੱਭਣ,
ਮੁਰਝਾਏ ਫੁੱਲਾਂ ਦੇ ਵਾਂਗ ,
ਵੇਖਾਂ ਜਦ ਕੁਮਲਾਏ ਚੇਹਰੇ ,
ਛੋਟੀ ਉਮਰੇ ,ਬਾਲ ਮਜੂਰ,
ਚੇਰਿਆਂ ਉੱਤੇ ,ਫਿੱਕੇ ਹਾਸੇ ,
ਲੱਗਣ ਜਿਓਂ ਧੁਆਂਖੇ ਚੇਹਰੇ ,
ਮੂੰਹਾਂ ਉੱਪਰ ਫਿਰੀ ਪਲਿੱਤਣ ,
ਇਹ ਵੀ ਬਚਪਨ ,
ਇਹ ਵੀ ਬਚਪਨ ।
ਜਦ ਕੋਈ ਬਚਪਨ ,
ਗੋਦੀ ਦੀ ਥਾਂ ਪਿਆ ਝਲੂੰਗੀ ,
ਵਰਧੀ ਲੂਏ,ਕੜਕੀ ਧੁੱਪੇ
ਤਰਲੇ ਕੱਢਦੀ ,
ਤਲੀਆਂ ਅੱਡਦੀ ,
ਰੋਟੀ ਖਾਤਰ ,
ਹੱਥ ਪਸਾਰੀ ,
ਲੰਘਦੇ ਰਾਹੀਆਂ ਵੱਲ ਨੂੰ ,
ਮਮਤਾ ਨੂੰ ਵੇਖਾਂ,
ਕੰਬ ਜਾਂਦਾ ਹਾਂ ,
ਅੱਧ ਨੰਗੀ ਛਾਤੀ ,
ਪਰ ਕਈ ਲੋਕੀਂ ,
ਬਿਟ ਬਿਟ ਝਾਕਣ ,
ਮੈਲੀਆਂ ਨਜ਼ਰਾਂ ਕਰਕੇ ਝਾਕਣ ,
ਜਦ ਇਹ ਮਾਂਵਾਂ ਬੱਚੇ ਲਈ ਦੇਣ ਲਈ ਕੁਝ,
ਹਾੜੇ ਕੱਢਣ , ਤਰਲੇ ਕੱਢਣ ,
ਇਹ ਵੀ ਬਚਪਨ ,
ਇਹ ਵੀ ਬਚਪਨ ।
ਲੋਕੀਂ ਸਮਝਣ ਏਨਾ ਹੀ ਬਸ ,
ਹੈ ਕੋਈ ਮੰਗਤੀ ,
ਮੰਗਣਾ ਹੈ , ਪੇਸ਼ਾ ਹੀ ਇਸ ਦਾ ,
ਲੋਕੀਂ ਸਮਝ਼ਣ ,
ਪਰ ਮੈਂ ਸੋਚਾਂ ,
ਇਹ ਵੀ ਬਚਪਨ ।
ਦੇਸ਼ ਨੂੰ ਅੱਜ ਆਜ਼ਾਦੀ ਮਿਲਿਆਂ ,
ਅੱਧੀ ਤੋਂ ਵੱਧ ਹੋ ਗਈ ਸਦੀ ,
ਪਰ ਬਚਪਨ ਨੂੰ ਮਾਨਣ ਖਾਤਰ ,
ਦੇਸ਼ ਮੇਰੇ ਦਾ ਤਰਸੇ ਬਚਪਨ ।
ਇਸ ਨੂੰ ਕਦੋਂ ,ਕਿਵੇਂ ਮਿਲੇਗਾ ,
ਵਿੱਦਿਆ ਦਾ ਉਹ ਤੀਜਾ ਨੇਤਰ ,
ਆਜ਼ਾਦੀ ਦੇ ਦਿਨ ’ਤੇ ਭਾਵੇਂ ,
ਸਾਲੋ ਸਾਲ ਤਿਰੰਗੇ ਝੂਲਣ ,
ਪਰ ਇਹ ਬਚਪਨ ।
ਇਹ ਅਨਪੜ੍ਹਤਾ ,
ਬਾਲ ਮਜੂਰੀ ,
ਦੇ਼ਸ਼ ਦੇ ਵੱਡਾ ਚੈਲੇਂਜ ,
ਵੱਡੀ ਅਟਕਣ ।
ਸ਼ਾਲਾ ਕਿਧਰੇ ਹਰ ਇੱਕ ਬਚਪਨ
ਰਲ ਕੇ ਸਾਂਝਾਂ ਉਮਰ ਹੰਡਾਵੇ ,
ਰਲ ਮਿਲ ਹੱਸੇ ਅਤੇ ਹੰਢਾਵੇ ,
ਊਚ ਨੀਚ ਦੀ ,
ਤੋੜ ਕੇ ਵਲਗਣ ,
ਉਹ ਵੀ ਬਚਪਨ ,
ਇਹ ਵੀ ਬਚਪਨ ।