Thu, 21 November 2024
Your Visitor Number :-   7254323
SuhisaverSuhisaver Suhisaver

ਮਲਾਲਾ ਯੂਸਫ਼ਜ਼ਈ - ਪ੍ਰੋ. ਬਾਵਾ ਸਿੰਘ

Posted on:- 14-12-2012

ਤੂੰ ਜ਼ਿੰਦਾ ਰਹੇਂਗੀ ਮਲਾਲਾ
ਬਹੁਤ ਦੂਰ ਤੀਕ
ਜਿਥੋਂ ਤੱਕ ਇਤਿਹਾਸ ਦੀ ਲੀਕ ਜਾਂਦੀ ਹੈ
ਜ਼ਿੰਦਗੀ ਦੇ  ਪਾਕਿ ਸੁਪਨਿਆਂ ਦੀ
ਜਿਥੋਂ ਤੱਕ ਤਹਿਰੀਕ ਜਾਂਦੀ ਹੈ |



ਐ ਮਲਾਲਾ ਯੂਸਫ਼ਜ਼ਈ ,
ਸੁਬਕ ਜਹੀ
ਸਵਾਤ-ਘਾਟੀ ਦਾ
ਤੂੰ ਸੱਜਰਾ ਖਿੜਿਆ ਫੁੱਲ
ਤੇਰੀ ਖੁਸ਼ਬੋ-
ਆਲਮੀ ਅਸਮਾਨ `ਚ
ਇਤਰ ਵਾਂਗ ਘੁਲ -ਮਿਲ ਗਈ ਹੈ |

ਐ ਮਲਾਲਾ
ਸਵਾਤ ਘਾਟੀ ਦੇ ਸਿਆਹ ਹਨੇਰਿਆਂ `ਚ
ਤੂੰ ਜੁਗਨੂੰ ਬਣ ਚਮਕੀ ਹੈਂ
ਇੱਕ ਚਿਰਾਗ
ਜੋ ਅੰਨ੍ਹੀਆਂ-ਬੋਲ਼ੀਆਂ ਮਸੀਤਾਂ ਲਈ
ਸਦਾ  ਇੱਕ ਵੰਗਾਰ ਰਹੇਗਾ |
ਬਹੁਤ ਮਜਬੂਤ ਹੈਂ ਤੂੰ ਯੂਸਫ਼ਜ਼ਈ....
ਕੋਮਲ ਅੱਖਾਂ ਵਾਲੀ

ਭੋਲੀ -ਭਾਲੀ ਕੰਜਕ
ਆਪਣੇ ਅਕੀਦਿਆਂ ਚ
ਪਰਬਤਾਂ ਤੋਂ ਵੀ ਮਜਬੂਤ
ਤੇਰੀ ਕਲਮ .... ਤੇਰੀ ਤਲਵਾਰ
ਬੀ . ਬੀ .ਸੀ . ਨੂੰ ਖ਼ਬਰਾਂ ਘੱਲਦੀ-ਘੱਲਦੀ
ਤੂੰ ਖੁਦ ਇੱਕ ਖ਼ਬਰ ਬਣ ਗਈ ਹੈਂ ਮਲਾਲਾ |

ਢੱਠੇ ਹੋਏ ਸਕੂਲ ਦੀਆਂ
ਇੱਟਾਂ-ਰੋੜੇ ਚੁਣਦੀ
ਡਿੱਗਦੀ-ਢਹਿੰਦੀ
ਇਲਮ ਦੀ ਇਮਾਰਤ ਮੁੜ-ਉਸਾਰਦੀ
ਬੁਰਕੇ ਹੇਠ ਕਿਤਾਬਾਂ ਲਕੋ
ਨਿੱਕੇ -ਨਿੱਕੇ ਪੈਰਾਂ ਨਾਲ
ਵੱਡੇ ਇਰਾਦੇ ਸੀਨੇ `ਚ ਸਮੋ
ਡਰੀਆਂ ਨਿਗਾਹਾਂ
ਛੁਹਲੇ-ਛੁਹਲੇ ਕਦਮ
ਇੱਕ ਵਰਜਿਤ ਸਕੂਲ ਵੱਲ ਜਾਂਦੇ ਹੋਏ |
ਏ.ਕੇ. ਸੰਤਾਲੀ
ਜਾਂ ਪਤਾ ਨਹੀਂ ਕਲਾਸਨੀਕੋਵ-
ਉੱਡਦੀਆਂ ਧੂੜਾਂ, ਗਸ਼ਤ ਕਰਦੇ ਫੌਜੀ ਟਰੱਕ,
ਅੱਗ ਦੀਆਂ ਲਪਟਾਂ
ਮਾਸੂਮ ਧੜਕਦਾ ਇੱਕ ਦਿਲ |
ਹਰ ਵਾਰ ਪਰ
ਤੂੰ ਤ੍ਰਭਕ ਕੇ ਉੱਠਦੀ
ਮੈਲਾ ਜਿਹਾ ਬਸਤਾ
ਮੋਢੇ ਤੇ ਲਮਕਾ
ਕੌੜੀ ਕੁਸੈਲੀ ਫ਼ਿਜ਼ਾ ਨੂੰ ਘੂਰਦੀ ਹੋਈ
ਹਰ ਸਵੇਰ ਪਰ
ਤੂੰ ਸਕੂਲ ਦੀ ਔਝੜ ਪਗਡੰਡੀ ਤੇ ਹੁੰਦੀ
ਹਮਉਮਰ ਕੁੜੀਆਂ ਦੇ ਪੂਰ ਨਾਲ |

ਤੇਰੀ ਨੰਨ੍ਹੀ ਜਹੀ ਲਲਕਾਰ ਆਖਰ
ਚੌਪਾਸੀਂ ਫੈਲ ਗਈ ਹੈ  ਯੂਸਫ਼ਜ਼ਈ
ਚੌਹਾਂ ਕੂਟਾਂ `ਚ
ਅੱਲ੍ਹਾ ਦੀ ਗੂੰਜ ਬਣ |
ਤੇਰੀ ਮਾਸੂਮੀਅਤ ਦੇ ਸੀਨੇ `ਚ ਲੱਗੀ ਗੋਲੀ ਨੇ
ਸਵਾਤ- ਘਾਟੀ ਦੀ ਸਮੁੱਚੀ ਜ਼ਹਿਰ ਪੀ ਲਈ ਹੈ ਕੁੜੀਏ...
ਨਹੀਂ ਸੱਚ----
ਇਨਸਾਨੀ ਲਹੂ `ਚ ਵਗਦੀ ਤਮਾਮ ਕਾਲੀ ਜ਼ਹਿਰ ...
ਸੁਕਰਾਤ ਵਾਂਗ |

ਤੂੰ  ਸਵਾਤ ਘਾਟੀ ਦੀ ਸੁੱਤੀ ਪਈ ਧਰਤੀ `ਤੇ
ਅਸਮਾਨੀ ਬਿਜਲੀ ਬਣ ਗਰਜੀ ਹੈਂ ਮਲਾਲਾ ....
ਇੱਕ ਲਿਸ਼ਕਦੀ ਲਕੀਰ ਵਾਂਗ .....
ਇੱਕ ਚਮਕਦੀ ਸ਼ਮਸ਼ੀਰ ਵਾਂਗ ਹੈਂ ਤੂੰ ਮਲਾਲਾ
ਜੋ ਇਤਿਹਾਸ ਨੂੰ
ਕੋਈ ਨਵਾਂ ਮੋੜ ਵੀ ਦੇ ਸਕਦੀ ਹੈ ....
ਕੋਈ ਨਵਾਂ ਮੋੜ ਵੀ ਦੇ ਸਕਦੀ ਹੈ ....

ਸੰਪਰਕ: 81460 35300

Comments

Gurmeet Hundal

bahut khoob sir g

Jasvir manguwal

Bhaut khoob ji

dr jiwan jot kaur

Malala laye eh kavita ik shardanjali he us de kamm te hole laye

Raj Singh

sch kiha bava ji ne

Channi Sandhu

kabil e tarif...

ਬਾਵਾ ਜੀ ਦੀ ਇਸ ਕਵਿਤਾ ਵਿੱਚ ਇੱਕ ਬਹਾਦਰ ਕੁੜੀ ਦੀ ਛੋਟੀ ਜਿਹੀ ਜਿੰਦਗੀ ਦਾ ਅੱਤਵਾਦ ਦੇ ਪਹਾੜਾ ਨਾਲ ਮੱਥਾ ਲਾਉਣ ਦਾ ਸਘੰਰਸ਼ ਸ਼ਬਦਾ ਵਿੱਚ ਅਰਥਾਇਆ ਹੈ। ਮਲਾਲਾ ਹੁਣ ਸਿਰਫ ਸਵਾਤ ਘਾਟੀ ਦੀ ਬੇਟੀ ਨਹੀ ਹੈ ਉਹ ਤਾਂ ਪੂਰੀ ਦੁਨੀਆਂ ਵਿੱਚ ਹੋ ਰਹੇ ਔਰਤਾਂ ਨਾਲ ਹੁੰਦੇ ਧੱਕੇ ਦੇ ਵਿਰੁੱਧ ਿੲੱਕ ਬੁਲੰਦ ਅਵਾਜ਼ ਹੈ। ਮਲਾਲਾ ਤੈਨੰੂ ਕੋਟਿ ਕੋਟਿ ਸਲਾਮ।

balwinderpal singh

Prof. BAWA SINGH ji has highlighted the right persona of a dedicated beti of HAZRAT mohammad Sahib who has come forward to eradicate illiteracy and chains of slavery.

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ