ਟਿਕਾਅ -ਰਵਿੰਦਰ ਰਵੀ
Posted on:- 10-12-2012
ਕੁਝ ਬਾਹਰੀ ਨਜ਼ਾਰਿਆਂ ‘ਚ ਖੋਇਆ
ਕੁਝ ਅੰਦਰਦੇ ਨਸ਼ੇ ‘ਚ ਮਸਤ
ਉੱਡਦਾ ਉੱਡਦਾ ਪੰਛੀ
ਅਜਾਣੇ ਹੀ
ਢਾਰ ਤੋਂ ਅਲੱਗ ਹੋ ਗਿਆ!
ਦੂਰ ਦੂਰ ਤਕ ਪਰਬਤ ਹਨ
ਖੱਡਾਂ, ਖਾਈਆਂ ਤੇ ਵਾਦੀਆਂ ਹਨ
ਖਦੇ ਨਿਰਮਲ, ਕਦੇ ਘਟਾ ਟੋਪ ਆਕਾਸ਼ ਹੇਠ
ਚਿੱਟੀਆਂ ਬਰਫਾਂ, ਵਗਦੀਆਂ ਨਦੀਆਂ,
ਥਿਰ ਝੀਲਾਂ ਹਨ!
ਪੰਛੀ ਨੇ ਪਰਬਤ ਦੀ ਉਚਾਈ
ਆਪਣੇ ਅੰਦਰ ਵਸਾ ਲਈ ਹੈ
ਉਹ ਇਸ ਤੋਂ ਹੇਠਾਂ ਨਹੀਂ ਆਉਣਾ ਚਾਹੁੰਦਾ!
ਉਹ ਬਾਰ, ਬਾਰ ਪਰਬਤ ਵਲੋਂ
ਅਥਾਹ ਅੰਬਰ ਵਲਾਂ ਤਕਦਾ ਹੈ
ਪਰ ਆਪਣੇ ਆਪ ਤੋਂ,
ਉੱਚਾ ਨਹੀਂ ਉੱਠ ਸਕਦਾ!
ਇਕ ਸਾਰ ਟਿਕਾਅ ਜਿਹੇ ਵਿਚ ਉਸਦੀ ਉਡਾਣ
ਨਾ ਭੋਂ ਦੀ ਬਣੀ
ਨਾ ਆਪੇ ਤੋਂ ਉਚੇਰੇ ਆਕਾਸ਼ ਦੀ!
ਉਹ ਲਗਾਤਾਰ: ਅੰਦਰ ਤੇ ਬਾਹਰ
ਖਲਾਅ ‘ਚ ਵਿਅਸਤ ਹੋ ਰਿਹਾ ਹੈ!!!
Jasbir Dhiman
vadhia vichar waali vadhia kavita