ਸਜਦਾ ਸ਼ਹੀਦਾਂ ਨੂੰ - ਸੰਧੂ ਗਗਨ
Posted on:- 10-08-2018
“ਵਾਦੀ ਵਿੱਚ
ਅੱਤਵਾਦੀ ਹਮਲੇ ਦੌਰਾਨ
ਦਸ ਜਵਾਨ ਸ਼ਹੀਦ
ਤੇ ਅਨੇਕਾਂ ਜ਼ਖਮੀ”
ਸਿਆਸਤਦਾਨਾਂ ਲਈ ਤਾਂ
ਇਹ ਸਿਆਸਤ ਦਾ
ਇੱਕ ਮੋਹਰਾ ਹੀ ਰਹਿਣਾ ਹੈ
ਜਾਂ ਸਿਰਫ ਇੱਕ ਖ਼ਬਰ
ਜਾਂ ਵੱਧ ਤੋਂ ਵੱਧ
ਬਸ ਇੱਕ
ਸ਼ਰਧਾਂਜਲੀ ਸਮਾਰੋਹ
ਪਰ... ... ...
ਛਾਤੀ ਤਾਂ
ਉਸ ਮਾਂ ਦੀ ਹੀ ਪਾਟਣੀ ਹੈ
ਜਿਸਦਾ
ਲਹੂ
ਟੁੱਕਿਆ ਜਾਂਦਾ ਹੈ।
ਠੋਕਰਾਂ ਲਈ
ਮੁਹਤਾਜ
ਤੇ ਵਿਚਰਣ ਲਈ
ਅਪਾਹਜ ਤਾਂ
ਉਸਦੀ
ਅਰਧਾਂਗਣੀ ਨੇ ਹੀ ਹੋਣਾ ਹੈ
ਜਿਸਦੀ
ਰਹਿੰਦੀ ਜ਼ਿੰਦਗੀ ਦਾ
ਪਲ-ਪਲ
ਜਿਉਂਦੇ ਜੀਅ
ਫੂਕਿਆ ਜਾਂਦਾ ਹੈ।
ਕਾਵਾਂ ਦੀਆਂ ਠੂੰਗਾਂ
ਤੇ ਕੁੱਤਿਆਂ ਦੇ ਜਭਾੜਿਆਂ ਨੇ
ਮਾਸ ਤਾਂ
ਉਹਨਾਂ
ਮਾਸੂਮਾਂ ਦਾ ਹੀ ਨੋਚਣਾ ਹੈ
ਜਿੰਨ੍ਹਾਂ
ਸਿਰੋਂ
ਨਿੱਘ ਦਾ ਹੱਥ ਉਠ ਗਿਆ ਹੈ।
ਪੋਟੇ ਤਾਂ
ਉਸ ਭੈਣ ਦੇ ਹੀ
ਛਲਣੀ ਹੋਣੇ ਨੇ
ਜਿਸਦੇ
ਹੱਥੋਂ
ਵੀਰ ਦੀ ਬਾਂਹ
ਖੁੱਸ ਗਈ ਹੈ।
ਹੌਸਲਾ ਤਾਂ
ਉਸ ਭਰਾ ਦਾ ਹੀ ਹਾਰਨਾ
ਜਿਸਦੀ
ਸੱਜੀ ਬਾਂਹ
ਵੱਢੀ ਗਈ ਹੈ।
ਉਡੀਕਣਾ ਤਾਂ
ਉਹਦੇ
ਪਿੰਡ ਦੀਆਂ ਗਲ਼ੀਆਂ ਨੇ ਹੀ ਹੈ
ਸਿਆਸਤਦਾਨਾਂ ਦੀ
ਉਡੀਕ ਤਾਂ
ਸਿਰਫ
ਅਜਿਹੀ
ਕਿਸੇ ਹੋਰ ਖ਼ਬਰ ਲਈ ਹੀ ਹੋਵੇਗੀ।
ਰਾਬਤਾ: +91 75894 31402