‘ਗੁੰਡੇ' ਬਨਾਮ 'ਸ਼ਰੀਫ' - ਹਰਜਿੰਦਰ ਗੁਲਪੁਰ
Posted on:- 01-10-2016
'ਦਰਪਣ' ਢਕਣ ਲਈ ਕਹਿ ਦਿੰਦੇ ਨੇ,ਕਵਿਤਾ ਆਪ ਮੁਹਾਰੀ ਹੋ ਗਈ।
ਕਰਦਾ ਗੱਲ 'ਸਫਾਈਆਂ' ਦੀ ਜੋ ,ਉਹਨੂੰ ਕਹਿਣ 'ਬੀਮਾਰੀ' ਹੋ ਗਈ।
ਮਾਂ , ਧੀ ਅਤੇ ਗੌਤਮ ਰਿਸ਼ੀ ਦੀ, ਕਥਾ ਕਹਾਣੀ ਭੁੱਲ ਗਏ ਜੋ,
ਨਫਰਤ ਦੇ ਨਾਲ ਕਹਿੰਦੇ ਨੇ ਉਹ, ਮਾਂ ਅੱਜ ਕੁੜੀ ਕੁਆਰੀ ਹੋ ਗਈ।
'ਪੈਰਾਂ ਦੇ ਵਿੱਚ ਕੱਚ ਖਿਲਰ ਗਏ, ਕਿਸੇ ਤੋਂ ਤੁਰਿਆ ਜਾਂਦਾ ਨੀ' ,
ਲਗਦਾ ! ਰਾਤੀਂ ਨਸ਼ੇ' ਦੇ ਅੰਦਰ , ਕਿਸੇ ਤੋਂ ਗੱਲ 'ਕਰਾਰੀ' ਹੋ ਗਈ।
ਮੁਰਦੇ ਉੱਠ ਕੇ ਭੱਜ ਜਾਂਦੇ ਨੇ , ਪਿੰਡਾਂ ਦੇ ਵਿੱਚ ਚਰਚਾ ਸੀ,
ਤਾਹੀਉਂ ਅੱਜ ਕੱਲ ਸਿਵਿਆਂ ਦੇ ਵਿੱਚ,ਕਹਿੰਦੇ ਚਾਰ ਦੀਵਾਰੀ ਹੋ ਗਈ।
'ਬੀਬਿਆਂ' ਨਾਲ ਸੀ 'ਬੀਬੀ' ਫਿਰਦੀ, ਕਹਿੰਦੀ ਝੋਲੀ 'ਖੈਰ' ਪਾਉ,
ਚੋਣਾਂ ਜਿੱਤ ਕੇ ਮੁੜ ਨਾ ਆਈ,ਕਹਿੰਦੇ 'ਰਾਜ ਕੁਮਾਰੀ' ਹੋ ਗਈ।
ਰਾਜਨੀਤੀ ਦੇ ਜੂਹੇ ਅੰਦਰ , 'ਚਿੱਤ ਨਾਲ ਪਟ' ਵੀ ਮਿਲ ਜਾਂਦੀ,
ਹਾਰ ਕੇ ਨੇਤਾ 'ਜੂਹਾ' ਕਹਿੰਦਾ, ਨਾਲ ਮੇਰੇ ਹੁਸ਼ਿਆਰੀ ਹੋ ਗਈ।
ਕਰਮ ਕਾਂਡ ਦਾ 'ਬੁਰਕਾ' ਪਾ ਕੇ, ਕਰਦਾ ਰੋਲ ਕਸਾਈਆਂ ਦਾ ,
ਧਰਮ ਪੀਠ ਤੇ ਖੜ ਕੇ ਕਹਿੰਦਾ, 'ਰੱਬ ਸੱਚੇ' ਨਾਲ ਯਾਰੀ ਹੋ ਗਈ।
'ਸਤਯੁੱਗ' ਦੇ ਵਿੱਚ ਸਭ ਨੇ ਸੁਣਿਆ,ਝੌਂਪੜੀਆਂ ਵਿੱਚ ਸਾਧੂ 'ਥੇ',
'ਕਲ ਯੁੱਗ' ਦਾ ਰੱਥ ਚੜਿਆ ਸਿਰ ਤੇ, ਮਾਇਆ ਬੜੀ ਪਿਆਰੀ ਹੋ ਗਈ।
ਪਾਕਿਸਤਾਨ ਦੇ ਲੋਕਾਂ ਦਾ ਤਾਂ, ਨਾਲ ਸਾਡੇ ਕੋਈ ਰੌਲਾ ਨੀ,
ਅੱਜ ਲੱਗਦਾ ਹੈ 'ਗੁੰਡਿਆਂ ਦੀ ਵੀ , ਨਾਲ 'ਸ਼ਰੀਫਾਂ’ ਯਾਰੀ ਹੋ ਗਈ।
ਸੰਪਰਕ: 0061470605255