ਦੇਸ਼ ਪਿਆਰ ਬਨਾਮ ਦੇਸ਼ ਧ੍ਰੋਹ -ਡਾ. ਗੁਲਜ਼ਾਰ ਸਿੰਘ ਪੰਧੇਰ
Posted on:- 01-09-2016
ਮੈਂ ਪਿਆਰ ਕਰਦਾ ਹਾਂ
ਆਪਣੀ ਮਾਂ ਨੂੰ
ਮਾਂ ਬੋਲੀ ਨੂੰ
ਜਿਹੜੀ ਬਾਰੀਂ ਕੋਹੀ ਬਦਲ ਜਾਂਦੀ ਹੈ
ਮੇਰੇ ਅੰਦਰ ਭਰਪੂਰ
ਸੰਵੇਦਨਾ ਛਿੜ ਜਾਂਦੀ ਹੈ
ਮਾਂ ਧਰਤ ਲਈ
ਆਪਣੇ ਲੋਕਾਂ ਲਈ
ਲੋਕ - ਦੇਸ਼ ਤੋਂ ਵੀ ਪਿਆਰੇ
ਲੋਕਾਂ ਲਈ...
ਮੇਰੀ ਸੰਵੇਦਨਾ
ਉਸ ਕੁੜੀ ਵਰਗੀ ਹੈ_
ਜਿਸ ਦੀਆਂ ਗੁੱਡੀਆਂ ਬਾਬਲ ਦੇ ਘਰ ਰਹਿ ਜਾਂਦੀਆਂ ਨੇ
ਤੇ ਯਾਦ ਆਉਂਦਿਆ ਦਿਆਂ ਮੋਹ ਦਾ ਕੜ ਪਾੜ ਜਾਂਦਾ ਹੈ ।
ਮੇਰੀ ਸੰਵੇਦਨਾ ਯਾਤਰਾ ਕਰਦੀ ਹੈ
ਪਹੁੰਚ ਜਾਂਦੀ ਹੈ ਮਾਲਵੇ ਦੀ ਧਰਤੀ ਤੇ
ਜਿਥੇ ਸਲਫਾਸ ਤੇ ਚਿੱਟਾ ਮੱਛਰ
ਉਗਕੇ ਸੰਵੇਦਨਾ ਦੀ ਸੰਘੀ ਮਰੋੜਦਾ ਹੈ ਤੇ
ਰੁਕਣ ਦਾ ਨਾਮ ਨਹੀਂ ਲੈ ਰਿਹਾ ।
ਯਾਤਰਾ ਤੁਰਦਿਆਂ ਤੁਰਦਿਆਂ
ਪਹੁੰਚ ਜਾਂਦੀ ਹੈ ਰੋਹਿਤ ਬੇਮੂਲਾ ਦੀ ਪੜ੍ਹਨਗਾਹ ਵਿਸਵਵਿਦਿਆਲੇ ਹੈਦਰਾਬਾਦ
ਜਿਥੇ ਸੰਵੇਦਨਾ ਖੁਦਕੁਸ਼ੀ ਦਾ ਚਿਹਨ ਬਣ
ਸ਼ਹੀਦੀ ਵਰਗੀ ਹੋ ਜਾਂਦੀ ਹੈ ।
ਸ਼ਹੀਦੀਆਂ ਅਜਾਈਂ ਨੀ ਜਾਇਆ ਕਰਦੀਆਂ
ਸ਼ਹੀਦੀਆਂ ਦੀ ਰੌਸ਼ਨੀ ਪਹੁੰਚ ਜਾਂਦੀ ਹੈ
ਜੇ. ਐਨ. ਯੂ. ਦੇ ਵਿਦਿਆਰਥੀ ਆਗੂ
ਕਨੱਈਆ ਕੁਮਾਰ ਤਕ
ਉਹਦੀ ਸੰਵੇਦਨਾ ਜਖ਼ਮੀ ਹੋ ਜਾਂਦੀ ਹੈ
ਜਦੋਂ ਮਾ ਤੇ ਭੈਣ ਦੀਆਂ ਗਾਲ੍ਹਾਂ ਵਰਗੇ ਗੰਦੇ
ਸੰਦੇਸ਼ ਮੋਬਾਈਲ ਫੋਨ ਤੇ ਆਉਂਦੇ ਹਨ
ਸੰਵੇਦਨਾ ਨਾਹਰਾ ਬਣ ਗੂੰਜਦੀ ਹੈ-
ਦੇਸ਼ਧੋ੍ਹ ਦਾ ਝੂਠਾ ਕੇਸ ਮੜ ਦਿੱਤਾ ਜਾਂਦਾ ਹੈ
ਕਨੱਈਆ ਪਿਆਰ ਕਰਦਾ ਹੈ
ਮਾ ਧਰਤ ਨੂੰ ਤੇ ਉਸ ਤੋਂ ਕਿਤੇ ਵੱਧ ਆਪਣੇ ਲੋਕਾਂ ਨੂੰ
ਝੂਠੇ ਕੌਮਵਾਦੀ ਬੁਖਲਾਹਟ ਵਿੱਚ ਅਸਮਾਨ ਸਿਰ ਤੇ ਚੁੱਕ ਲੈਂਦੇ ਹਨ ।
ਹੁਣ ਮੈਨੂੰ ਡਰ ਹੈ ਕਿ ਮੈਂ ਵੀ
ਦੇਸ਼ਧੋ੍ਹੀ ਨਾ ਗਰਦਾਨ ਦਿੱਤਾ ਜਾਵਾਂ
ਕਿ ਮੈਂ :
ਮੈਂ ਪਿਆਰ ਕਰਦਾ ਹਾਂ
ਆਪਣੀ ਮਾਂ ਨੂੰ
ਮਾਂ ਬੋਲੀ ਨੂੰ
ਜਿਹੜੀ ਬਾਰੀਂ ਕੋਹੀਂ ਬਦਲ ਜਾਂਦੀ ਹੈ
ਮੇਰੇ ਅੰਦਰ ਭਰਪੂਰ
ਸੰਵੇਦਨਾ ਛਿੜ ਜਾਂਦੀ ਹੈ
ਮਾਂ ਧਰਤ ਲਈ
ਆਪਣੇ ਲੋਕਾਂ ਲਈ
ਲੋਕ - ਦੇਸ਼ ਤੋਂ ਵੀ ਪਿਆਰੇ
ਆਪਣੇ ਲੋਕਾਂ ਲਈ ।