ਚੋਰੀ ਦੇ ਚੁੰਮਣ –ਨਿਰਮਲ ਦੱਤ
Posted on:- 23-11-2012
ਕਿਉਂਕਿ ਮੈਨੂੰ
ਰੱਬ ਦਾ ਕੋਈ ਖ਼ੌਫ਼ ਨਹੀਂ ਹੈ
ਕਿਉਂਕਿ ਨਰਕਾਂ ਦੇ ਸਭ ਡਰ ਵੀ ਝੂਠ-ਝੂਠ ਨੇ
ਚੋਰੀ ਦੇ ਚੁੰਮਣ
ਮੈਨੂੰ ਵੀ ਖ਼ੂਬ ਲੁਭਾਓਂਦੇ,
ਚਿੱਟੇ ਦਿਨ ਵਿੱਚ
ਅੱਖਾਂ ਵਿੱਚ ਖ਼ੁਮਾਰੀ ਭਰਕੇ
ਡੂੰਘੇ-ਡੂੰਘੇ ਹੌਕੇ ਲੈਕੇ
ਮੈਨੂੰ ਅਪਣੇ ਕੋਲ਼ ਬਲਾਓਂਦੇ,
ਟਿਕੀ ਰਾਤ ਵਿੱਚ
ਪਤਾ ਨਹੀਂ ਕਿਧਰੋਂ ਆ-ਆ ਕੇ
ਨੀਂਦਾਂ ਦੇ ਬੂਹੇ ਖੜਕਾਓਂਦੇ
ਖ਼ਾਬਾਂ ਨੂੰ ਰੱਜ ਕੇ ਤੜਫਾਓਂਦੇ,
ਜਦ ਮੈਂ 'ਕੱਲਾ
ਅਪਣੀ ਕਾਇਆ ਦੇ ਮੰਦਰ ਵਿੱਚ
ਮਨ ਦੀ ਹੱਦ ਤੋਂ ਅੱਗੇ ਜਾਕੇ
ਬਿਰਤੀ, ਬਿਰਤੀ ਵਿੱਚ ਮਿਲਾਕੇ
ਰਿਸ਼ੀਆਂ ਦੇ ਮਿੱਠੇ ਜਿਹੇ ਲੱਗਦੇ ਬੋਲ ਜਗਾਵਾਂ,
'ਨ੍ਹੇਰੇ ਤੋਂ ਚਾਨਣ ਵੱਲ ਆਵਾਂ,
ਚੋਰੀ ਦੇ ਚੁੰਮਣਾਂ ਦੀ ਪੂਰੀ ਭੀੜ ਜਿਹੀ ਇੱਕ
ਕਾਇਆ ਦੇ ਮੰਦਰ ਦੇ ਅੱਗੇ
ਉੱਚੀ-ਉੱਚੀ ਸ਼ੋਰ ਮਚਾਵੇ,
ਚਾਂਭਲ-ਚਾਂਭਲ ਖੌਰੂ ਪਾਵੇ.
ਚੋਰੀ ਦੇ ਚੁੰਮਣਾਂ ਨੂੰ ਜਦ ਮੈਂ
ਸੀਤਾ ਵਾਂਗੂੰ
ਸੱਚੇ-ਸੁੱਚੇ ਬਣੇ ਰਹਿਣ ਦੇ ਤਰਲੇ ਪਾਵਾਂ
ਰਾਧਾ ਦਾ ਚਰਚਾ ਲੈ ਆਓਂਦੇ
ਸਾਰੀ ਗੱਲ ਹਾਸੇ ਵਿੱਚ ਪਾਓਂਦੇ.
ਚੋਰੀ ਦੇ ਚੁੰਮਣਾਂ ਦੀ ਮਾਰ ਬੜੀ ਲੰਮੀਂ ਹੈ,
ਚੋਰੀ ਦੇ ਚੁੰਮਣਾਂ ਦੀ ਤਾਕਤ
ਸ਼ਬਦਾਂ ਵਿੱਚ ਕੋਈ ਕਹਿ ਨਹੀਂ ਸਕਦਾ
ਹੁਣ ਜਦ ਮੈਨੂੰ
ਰੱਬ ਦਾ ਕੋਈ ਖ਼ੌਫ਼ ਨਹੀਂ ਹੈ
ਹੁਣ ਜਦ ਮੈਨੂੰ
ਨਰਕਾਂ ਦੇ ਸਭ ਡਰ ਬਿਲਕੁਲ ਝੂਠੇ ਲੱਗਦੇ ਨੇ
ਮੈਨੂੰ ਇਹ ਖ਼ਤਰਾ ਰਹਿੰਦਾ ਹੈ
ਮੇਰਾ ਨਾਂ ਲੈ-ਲੈ ਮੈਨੂੰ ਕਈ ਵਾਰ ਬੁਲਾਓਂਦੇ
ਬਾਰ-ਬਾਰ ਮੈਨੂੰ ਭਰਮਾਓਂਦੇ
ਚੋਰੀ ਦੇ ਚੁੰਮਣਾਂ ਨੇ ਮੈਨੂੰ
ਕਦੇ, ਕਿਤੇ ਵੀ ਫਾਹ ਲੈਣਾ ਹੈ,
ਇਸੇ ਲਈ ਮੈਂ
ਮੇਰੇ 'ਤੇ ਨਿਰਭਰ
ਮੇਰੇ ਭੋਲ਼ੇ ਬੱਚੇ ਨੂੰ ਕਹਿਣਾ ਚਾਹੁੰਨਾ
ਉਹ ਮੇਰੇ ਅੱਗੇ ਆ ਜਾਵੇ
ਚੋਰੀ ਦੇ ਚੁੰਮਣਾਂ ਤੋਂ ਮੇਰੀ ਜਾਨ ਬਚਾਵੇ
Parminder Singh Shonkey
ਸੱਚੇ-ਸੁੱਚੇ ਬਣੇ ਰਹਿਣ ਦੇ ਤਰਲੇ ਪਾਵਾਂ ਰਾਧਾ ਦਾ ਚਰਚਾ ਲੈ ਆਓਂਦੇ ਸਾਰੀ ਗੱਲ ਹਾਸੇ ਵਿੱਚ ਪਾਓਂਦੇ. ਚੋਰੀ ਦੇ ਚੁੰਮਣਾਂ ਦੀ ਮਾਰ ਬੜੀ ਲੰਮੀਂ ਹੈ, ਵਾਕਈ ਬਹੁਤ ਕਮਾਲ ਹੈ _____________ਸਾਝਾਂ ਕਰਨ ਲਈ ਸੁਕਰੀਆ ਜੀ