'ਸੋਨੇ ਦੀ ਨਿੱਬ' - ਹਰਜਿੰਦਰ ਗੁਲਪੁਰ
Posted on:- 18-07-2016
ਲਿਖਿਆ ਬੈਠ ਕੇ ਲੁੱਟ ਦੀਆਂ ਭੂਰੀਆਂ ’ਤੇ,
ਕੰਡੇ 'ਫੁੱਲਾਂ' ਦੇ ਰਾਹਾਂ ਵਿੱਚ ਬੋਅ ਸਕਦਾ।
'ਕਾਲੇ ਕੈਟਾਂ' ਦਾ ਕੋਈ ਵੀ ਹਲਫਨਾਮਾ,
'ਦਾਗੀ ਅਜਮਤਾਂ' ਕਦੇ ਨਹੀਂ ਧੋ ਸਕਦਾ।
ਤਖਤੋ ਤਾਜ ਤੇ ਦਹਿਸ਼ਤ ਦੀ 'ਛਾਂ' ਥੱਲੇ,
ਬੰਦਾ ਵਾਂਗ 'ਕਸ਼ਮੀਰੀਆਂ' ਰੋਅ ਸਕਦਾ।
ਢਹਿ ਜਾਣਗੇ 'ਸੋਚਾਂ' ਦੇ ਵੱਟ ਬੰਨੇ,
ਹੁਣ 'ਨੀ ਕੋਈ 'ਹਨੇਰ' ਨੂੰ ਢੋਅ ਸਕਦਾ।
ਐਵੇਂ ਵਹਿਮ ਹੈ ਚਾਂਦੀ ਦੀਆਂ ਝਾਂਜਰਾਂ ਨੂੰ,
ਨਹੀਂ ਝਾਂਜਰਾਂ ਕੋਈ ਵੀ ਖੋਅ ਸਕਦਾ।
ਜਿਹੜਾ ਸੋਨੇ ਦੀ ਨਿੱਬ ਦੇ ਨਾਲ ਲਿਖਿਆ,
ਨਹੀਂ ਅਸਲ ਇਤਿਹਾਸ ਉਹ ਹੋ ਸਕਦਾ।
ਸੰਪਰਕ: 0061 470 605 255