ਇੰਦਰਜੀਤ ਮਹਿਤਾ ਦੀਆਂ ਕੁਝ ਕਾਵਿ-ਰਚਨਾਵਾਂ
Posted on:- 13-07-2016
ਪੂਰਨਮਾਸ਼ੀ
ਤੁਹਾਨੂੰ ਤੇ ਪਤਾ ਨੀ ਹੋਣਾ
ਕਿ ਕੀ ਹੁੰਦਾ ਹੈ ਪੂਰਨਮਾਸ਼ੀ ਦੀ ਰਾਤ ਨੂੰ
ਜਾਗਣ ਦਾ ਅਹਿਸਾਸ ,
ਤੁਸੀਂ ਤੇ ਸੌਂ ਗਏ ਹੋ
ਬੰਦ ਕਮਰੇ ਦੇ ਹਨੇਰੇ ਦੀ ਬੁੱਕਲ ਵਿੱਚ ,
ਪਰ ਮੈਨੂੰ ਤੇ ਚੰਗਾ ਲੱਗਦਾ ਹੈ
ਚਾਨਣੀਆਂ ਰਾਤਾਂ ਨੂੰ ਜਾਗਣਾ,
ਤੇ ਘਰ ਦੇ ਸੁੱਕੇ ਰੁੱਖ ਉੱਤੋਂ
ਪੂਰਨਮਾਸ਼ੀ ਦੇ ਚੰਨ ਨੂੰ ਤੱਕਣਾ
ਇਹ ਰਾਤ ਬੜੀ ਖੂਬਸੂਰਤ ਹੈ
ਮਹਿਬੂਬ ਦੇ ਕਾਲੇ ਨੈਣਾਂ ਵਾਂਗ..
***
ਨਾ ਰੋ ਧੀਏ
ਨਾ ਰੋ ਧੀਏ,
ਤੈਂ ਕਿਸ ਗੱਲ ਦਾ ਰੋਣਾ ਲਾਇਆ,
ਤੂੰ ਆਖੇਂ, ਵੇ ਬਾਬਲ ਪੱਤ ਲੁਟੀ,
ਉਹ ਆਖਣ, ਅਸਾਂ ਰੋਸ ਜਤਾਇਆ,
ਤੈਨੂੰ ਤਾਂ ਹੁਣ ਸਭ ਜਾਣਦੇ,
ਤੇ ਕਹਿੰਦੇ ਭੀੜ ਦੀ ਸ਼ਕਲ ਨਾ ਕੋਈ,
ਭੀੜ ਵਿੱਚੋਂ ਇੱਕ ਆਵਾਜ ਹੈ ਆਉਂਦੀ,
ਹਕੂਮਤ ਨੇ ਸਭ ਖੇਡੀ ਸਿਆਸਤ,
ਇਹ ਜੋ ਵੀ ਘਟਨਾ ਹੋਈ,
ਪੁੱਤ ਫੂਕੇ ਤੇਲ ਮਿੱਟੀ ਦਾ ਪਾ ਕੇ,
ਘਰ-ਬਾਰ ਅਸਾਡਾ ਢਾਹਿਆ,
ਨਾ ਰੋ ਧੀਏ,
ਨਾ ਰੋ ਧੀਏ,
ਤੈਂ ਕਿਸ ਗੱਲ ਦਾ ਰੋਣਾ ਲਾਇਆ,
ਤੂੰ ਆਖੇਂ, ਵੇ ਬਾਬਲ ਪੱਤ ਲੁਟੀ,
ਉਹ ਆਖਣ, ਅਸਾਂ ਰੋਸ ਜਤਾਇਆ,
ਨਾ ਲਿਖੀ ਦਰੋਗੇ ਰਪਟ ਨੀ ਕੋਈ,
ਨਾ ਹੀ ਦਰਦ ਕਿਸੇ ਨੇ ਵੰਡਿਆ,
ਨਾ ਲੱਭੀਆਂ ਕਈਆਂ ਦੀਆਂ ਸੁੱਥਣਾ,
ਰੂਹ ਤਾਈਂ ਤੈਥੋਂ ਨਿੱਕੀਆਂ ਨੂੰ ਵੀ ਚੰਡਿਆ,
ਸ਼ੁਕਰ ਮਨਾ ਤੂੰ,
ਸੀ ਕਿਸੇ ਭਲੇ ਮਾਨਸ ਬੰਨੀ ਤੇਰੇ ਲੱਕ 'ਤੇ ਚੁੰਨੀ,
ਜਦ ਅਧਮਰੀ ਨੂੰ ਤੈਨੂੰ ਖੇਤਾਂ 'ਚੋਂ ਮੈਂ ਲੱਭ ਲਿਆਇਆ,
ਨਾ ਰੋ ਧੀਏ,
ਨਾ ਰੋ ਧੀਏ,
ਤੈਂ ਕਿਸ ਗੱਲ ਦਾ ਰੋਣਾ ਲਾਇਆ,
ਤੂੰ ਆਖੇਂ, ਵੇ ਬਾਬਲ ਪੱਤ ਲੁੱਟੀ,
ਉਹ ਆਖਣ, ਅਸਾਂ ਰੋਸ ਜਤਾਇਆ,
ਮਿਲ ਗਿਆ ਹੋਣਾ ਹੱਕ ਸ਼ਾਇਦ,
ਇਹਨਾਂ ਦਾ ਇਹਨਾਂ ਨੂੰ,
ਭਰ ਲਏ ਹੋਣੇ ਬੱਬਰ ਕੋਟੇ,
ਕਿਉਂ ਖੁਦ ਨੂੰ ਇਨਸਾਨ ਇਹ ਦਸਦੇ,
ਇਹ ਤੇ ਸਾਹਣ ਅਮਰੀਕੀ,
ਤੇ ਕੁਝ ਕਾਲੇ ਝੋਟੇ,
ਸਦਕੇ ਜਾਵਾਂ ਚਿੱਟੇ ਖੱਦਰ ਦੇ,
ਜੀਹਨੇ ਐਨਾ ਵੱਡਾ,
ਅਮਨ ਕਾਨੂੰਨ ਫੈਲਾਇਆ,
ਨਾ ਰੋ ਧੀਏ,
ਨਾ ਰੋ ਧੀਏ,
ਤੈਂ ਕਿਸ ਗੱਲ ਦਾ ਰੋਣਾ ਲਾਇਆ,
ਤੂੰ ਆਖੇਂ, ਵੇ ਬਾਬਲ ਪੱਤ ਲੁਟੀ,
ਉਹ ਆਖਣ, ਅਸਾਂ ਰੋਸ ਜਤਾਇਆ,
ਗਲਤੀ ਕੀਹਦੀ, ਹੱਕ-ਸੱਚ ਕੀਹਦੇ,
ਸਾਨੂੰ ਕਿਉਂ ਬਲੀ ਚੜਾਇਆ,
ਕੋਈ ਨਾ ਦੇਵੇ ਉੱਤਰ ਇਹਦਾ,
ਸਵਾਲ ਜੋ ਧੀਏ,
ਤੈਂ ਇੰਦਰ ਨੂੰ ਪਾਇਆ,
ਨਾ ਰੋ ਧੀਏ,
ਨਾ ਰੋ ਧੀਏ,
ਤੈਂ ਕਿਸ ਗੱਲ ਦਾ ਰੋਣਾ ਲਾਇਆ,
ਤੂੰ ਆਖੇਂ, ਵੇ ਬਾਬਲ ਪੱਤ ਲੁੱਟੀ,
ਉਹ ਆਖਣ, ਅਸਾਂ ਰੋਸ ਜਤਾਇਆ..
***
ਮਾਸੂਮੀਅਤ
ਤੇਰੇ ਚੁੱਪ ਰਹਿਣ ਪਿੱਛੇ ਵੀ ਇੱਕ ਰਾਜ ਛੁਪਿਆ ਹੈ
ਤੇਰੇ ਮਾਸੂਮ ਚਿਹਰੇ ਪਿੱਛੇ ਵੀ ਇਕ ਸ਼ੈਤਾਨ ਛੁਪਿਆ ਹੈ
ਤੇਰਾ ਚੁੱਪ ਰਹਿ ਕੇ ਵੀ ਬੜਾ ਕੁਝ ਕਹਿ ਜਾਣਾ
ਤੇਰੀ ਨਜ਼ਰ ਦੇ ਤੀਰ ਦਾ ਮੇਰੇ ਦਿਲ ਵਿੱਚ ਲਹਿ ਜਾਣਾ
ਰਾਤ ਦੇ ਤੀਸਰੇ ਪਹਿਰ ਨੂੰ
ਤੇਰੀ ਯਾਦ ਜਦ ਸੀਨੇ ਕਹਿਰ ਬਣ ਆਉਂਦੀ ਹੈ
ਤਦ ਰਾਤਾ ਨੂੰ ਮੈਂ ਤੇ ਮੇਰੀ ਤਨਹਾਈ
ਤੇਰੇ ਚਿਹਰੇ ਦੀ ਮਾਸੂਮੀਅਤ ਬਾਰੇ ਸੋਚਦੇ ਹਾਂ
ਜਦ ਤੇਰੇ ਚੁੱਪ ਰਹਿਣ ਪਿੱਛੇ
ਕਿਸੇ ਹੋਰ ਦੀ ਆਫ ਨੂੰ ਮਹਿਸੂਸ ਕਰਦੇ ਹਾਂ
ਤੇ ਤੇਰੀਆ ਅੱਖਾਂ ਦੇ ਵਿੱਚ
ਕਿਸੇ ਗੈਰ ਦੇ ਦੇ ਪਿਆਰ ਨੂੰ ਦੇਖਦੇ ਹਾਂ
ਤਦ ਤੇਰੇ ਲਈ ਪੈਦਾ ਹੋਏ ਜਜ਼ਬਾਤ
ਅਤੇ ਤੇਰੇ ਨਾਂਅ ਦਾ ਵਰਕਾ
ਆਪਣੀ ਜ਼ਿੰਦਗੀ ਦੀ ਕਿਤਾਬ ਵਿਚੋਂ
ਸਦਾ-ਸਦਾ ਲਈ ਪਾੜ ਦਿੱਤਾ।
***
‘
ਰੂਹ ਨੂੰ ਫੂਕ ਦਿੱਤਾ ਏ
ਚਿਹਰੇ ਦੀ ਗੱਲ ਖਾਸ ਨਹੀਂ ਸੀ,
ਤੇਰੇ ਤੋਂ ਸ਼ੇਰਾ ਪੰਜਾਬ ਦਿਆ
ਇਹਤੋਂ ਵੱਧ ਉਂਝ ਵੀ ਆਸ ਨਹੀਂ ਸੀ,..
ਬਦਚਲਣ ਨਹੀਂ ਹਾਂ
ਤੇਰੇ ਖਿਆਲਾਂ ਦੀ ਔਰਤ ਵਾਂਗ
ਅੱਗੇ ਵਧ ਰਹੀ ਹਾਂ ਤੈਥੋਂ
ਤਾਹੀਂਓ ਪਾਇਆ ਤੇਜਾਬ ਹੋਣਾ,
ਵਗਾਨੀ ਹਾਂ ਕੁੱਲ ਆਲਮ ਦੇ ਲਈ
ਮੈਂ ਤਾਂ ਮੁੱਢ ਤੋਂ,
ਜਿੰਨਾ ਨੇ ਆਪਣੀ ਸੀ ਮਸਾਂ ਮੰਨਿਆ
ਘਰ ਵਿੱਚ ਜਾ ਕੇ ਵੇਖੀਂ ਉਹਨਾਂ ਦੇ
ਮੁੜ ਮੱਚਦਾ ਇੱਕ ਝਨਾਬ ਹੋਣਾ,
ਜਿਹਲਮ ਦੇ ਪਾਰ ਤੂੰ ਤਾਂ ਹੁਣ
ਕੱਟ ਹੀ ਲਵੇਂਗਾ ਰਾਤਾਂ ਇਹ ਕਾਲੀਆਂ
ਇਸ ਪਾਰ ਮੇਰੀ ਤੇ ਨੀਂਦ ਦਾ ਸਾਥੀ
ਪਹਿਲਾਂ ਹੀ ਬਿਆਸ ਨਹੀਂ ਸੀ,
ਰੂਹ ਨੂੰ ਫੂਕ ਦਿੱਤਾ ਏ
ਚਿਹਰੇ ਦੀ ਗੱਲ ਖਾਸ ਨਹੀਂ ਸੀ,
ਤੇਰੇ ਤੋਂ ਸ਼ੇਰਾ ਪੰਜਾਬ ਦਿਆ
ਇਹਤੋਂ ਵੱਧ ਉਂਝ ਵੀ ਆਸ ਨਹੀਂ ਸੀ,..
ਤੂੰ ਲਿਖਣਾ ਚਾਹਿਆ ਹੋਵੇਗਾ
ਹਵਸ ਦਾ ਗੀਤ ਮੇਰੇ 'ਤੇ ਕੋਈ,
ਜਦ ਤੇਰੇ ਘਰ ਦੀ ਰਾਵੀ ਨੇ ਪਹਿਨਿਆ
ਆਪਣੀ ਮਰਜੀ ਦਾ ਲਿਬਾਸ ਹੋਣਾ,
ਸਤਲੁਜ ਦੇ ਤੁਫਾਨ ਬਣ ਜਾਂਦੀਆਂ ਹੋਵਣ
ਖੌਰੇ ਤੇਰੀਆਂ ਇਹ ਨੀਚ ਨੀਤਾਂ
ਔਰਤ ਕੋਈ ਵੇਖਕੇ,
ਤੂੰ ਬਖਸ਼ਦਾ ਹੋਵੇਂਗਾ ਘਰ ਆਪਣਾ
ਤੇਰੇ 'ਤੇ ਕਿਸ ਨੂੰ ਦੱਸ ਐਨਾ ਵਿਸ਼ਵਾਸ਼ ਹੋਣਾ,
ਮੈਂ ਅਕਸਰ ਚੁੱਪਚਾਪ ਲੰਘਦੀ ਸੀ
ਤੇਰੇ ਕੋਲੋਂ ਬਿਨ ਡਰੇ ਮੇਰੀ ਉੱਚੀ ਸੋਚ ਕਰਕੇ,
ਤੂੰ ਐਨਾ ਨੀਵਾਂ ਹੋ ਜਾਏਂਗਾ ਐਨੀ ਛੇਤੀ
ਇਸ ਗੱਲ ਦਾ ਮੈਨੂੰ ਕੋਈ ਬਹੁਤਾ ਅਹਿਸਾਸ ਨਹੀਂ ਸੀ,
ਰੂਹ ਨੂੰ ਫੂਕ ਦਿੱਤਾ ਏ ਚਿਹਰੇ ਦੀ ਗੱਲ ਖਾਸ ਨਹੀਂ ਸੀ,
ਤੇਰੇ ਤੋਂ ਸ਼ੇਰਾ ਪੰਜਾਬ ਦਿਆ
ਇਹਤੋਂ ਵੱਧ ਉਂਝ ਵੀ ਆਸ ਨਹੀਂ ਸੀ,..
ਮੈਨੂੰ ਭਾਗੋ ਇਹ ਮੰਨ ਲਵੇ
ਐਨੀ ਦੁਨੀਆ ਸਿਆਣੀ ਨਹੀ,
ਦੇਣਗੇ ਉਲਾਂਬੇ ਮੈਨੂੰ ਹੀ
ਮੈਂ ਇਸ ਗੱਲ ਤੋਂ ਅਣਜਾਣੀ ਨਹੀ,
ਮੇਰੀ ਪਵਿੱਤਰਤਾ 'ਤੇ ਸ਼ੱਕ ਕਰਕੇ
ਅਗਨ ਦੇ ਵਿੱਚ ਬਠਾਉਣ ਵਾਲੇ
ਤੇ ਫਿਰ ਰਾਵਣ ਨੂੰ ਫੂਕਣਗੇ
ਇਹਨਾ ਤੋਂ ਇਹ ਆਸ ਨਹੀਂ ਸੀ,
ਰੂਹ ਨੂੰ ਫੂਕ ਦਿੱਤਾ ਏ
ਚਿਹਰੇ ਦੀ ਗੱਲ ਖਾਸ ਨਹੀਂ ਸੀ,
ਤੇਰੇ ਤੋਂ ਸ਼ੇਰਾ ਪੰਜਾਬ ਦਿਆ
ਇਹਤੋਂ ਵੱਧ ਉਂਝ ਵੀ ਆਸ ਨਹੀਂ ਸੀ,..
ਸੰਪਰਕ: +91 90416 56736