ਜਗਤਾਰ ਸਿੰਘ ਦੀਆਂ ਦੋ ਗ਼ਜ਼ਲਾਂ
Posted on:- 15-11-2012
(1)
ਦੋਸਤੀ ਦੀ ਬੁੱਕਲ ’ਚ ਕੁਝ ਪਲ ਗੁਜ਼ਾਰ ਜਾਵੀਂ
ਹੋ ਸਕੇ ਤਾਂ ਹੰਝੂਆਂ ਦਾ ਕਰਜ਼ਾ ਉਤਾਰ ਜਾਵੀਂ
ਕਿਉ ਦਿਲ ’ਚ ਐਵੈਂ ਯਾਰਾ ਤੂੰ ਅੱਗ ਸਾਂਭ ਰੱਖੇਂ
ਬਣ ਬੂੰਦ ਕੋਈ ਸੁਆਤੀ ਤਪਦੇ ਨੂੰ ਠਾਰ ਜਾਵੀਂ
ਉਡੀਕਦਾ ਰਿਹਾ ਮੈਂ ਔੜਾਂ ’ਚ ਰੁੱਖਾਂ ਵਾਂਗੂੰ
ਹਵਾਂ ਦੇ ਪਿਡਿੰਆ ’ਚੋਂ ਲੈ ਕੇ ਬਹਾਰ ਆਵੀਂ
ਸੁਣਿਆਂ ਤੂੰ ਸਾਗਰਾਂ ਤੋਂ ਕਿਤੇ ਪਾਰ ਹੋ ਕੇ ਆਈਐਂ
ਸਮਾਂ ਮਿਲੇ ਤਾਂ ਕਿਧਰੇ ਇਸ ਦਿਲ ਤੋਂ ਪਾਰ ਜਾਵੀਂ
ਜਦ ਕਦੀ ਵੀ ਗੁਜ਼ਰੇਂ ਸਾਡੀ ਗਲੀ ’ਚੋਂ ਯਾਰਾ
ਸੋਚਾਂ ’ਚ ਡੁੱਬੇ ਦਿਲ ਨੂੰ ਬਾਂਹ ਫੜ੍ਹ ਕੇ ਤਾਰ ਜਾਵੀਂ
ਐ ਜਾਣ ਵਾਲੇ ਸੱਜਣਾਂ ਸੁਣਦਾ ਪੁਕਾਰ ਜਾਵੀਂ
ਦੋਸਤੀ ਦੀ ਬੁੱਕਲ ’ਚ ਕੁਝ ਪਲ ਗੁਜ਼ਾਰ ਜਾਵੀਂ
(2)
ਦਿਲ ਮੇਰੇ ਨੂੰ ਮੋਹ ਦੀਆਂ ਲੱਭੀਆਂ ਨਾਂ ਦੌਲਤਾਂ
ਕਈ ਵਾਰ ਲੇਖਾਂ ਦੀਆਂ ਹਥੇਲੀਆਂ ਮੈਂ ਖੁਰਕੀਆਂ
ਭਰਦਾ ਰਿਹਾ ਉਹ ਪੇਟ ਹੈ ਮਜਬੂਰ ਤੇਰੇ ਦੇਸ਼ ਦਾ
ਬਦਲੇ ’ਚ ਤੂੰ ਦਿੰਦਾ ਰਿਹਾ ਫਾਂਸੀਆਂ ਤੇ ਕੁਰਕੀਆਂ
ਹਰ ਸਾਲ ਸੁਪਨੇ ਵੇਚ ਕੇ ਮਾਯੂਸ ਹੀ ਮੁਡ਼ਦਾ ਰਿਹਾ
ਜੁਡ਼ੀਆ ਅਜੇ ਤੀਕ ਵੀ ਸੱਧਰਾਂ ਦੇ ਕੰਨੀਂ ਮੁਰਕੀਆਂ
ਤੇਰੇ ਸ਼ਹਿਰ ਵਿਕ ਰਿਹਾ ਸਸਤਾ ਜ਼ਮੀਰ ਬੇਲੀਆ
ਪਰ ਪਿੰਡੇ ਤੋਂ ਮਹਿਗੀਆਂ ਮਿਲਦੀਆਂ ਨੇ ਬੁਰਕੀਆਂ
ਸਾਡਾ ਹੀ ਲਹੂ ਵਗਿਆ ਇਨ੍ਹਾਂ ਪੁਲਾਂ ਦੇ ਹੇਠ ਦੀ
ਫੋਲ ਕੇ ਵੇਖੀਂ ਪੁਰਾਣੇ ਅਖ਼ਬਾਰ ਦੀਆਂ ਸੁਰਖ਼ੀਆਂ
ਦਾਮਨ ਬਚਾਕੇ ਚਲਾ ਜਾ ਜਗਤਾਰ ਆਪਣੇ ਸ਼ਹਿਰ ਨੂੰ
ਹਰ ਮੌਡ਼ ਤੇ ਦਿੰਦਾ ਰਿਹਾ ਜ਼ਮੀਰ ਮੇਰਾ ਘੁਰਕੀਆਂ
Jasbir Dhiman
ਜਗਤਾਰ ਸਿੰਘ ਜੀ ਤੁਹਾਡੀਆਂ ਦੋਵੇਂ ਗ਼ਜ਼ਲਾਂ ਬਹੁਤ ਵਧੀਆ ਹਨ। ਦੂਜੀ ਗ਼ਜ਼ਲ ਦੇ ਤੀਜੇ ਸ਼ੇਅਰ ਦੀ ਦੂਜੀ ਸਤਰ ਵਿਚ ਜੁੜੀਆਂ ਤੋਂ ਬਾਅਦ ਨਾ ਸ਼ਬਦ ਛਪਣੋ ਰਹਿ ਗਿਆ ਲਗਦਾ ਹੈ।