ਬਹੁਤ ਮੁਸ਼ਕਲ ਹੋ ਗਿਆ ਹੈ – ਡਾ. ਅਮਰਜੀਤ ਟਾਂਡਾ
Posted on:- 16-06-2016
ਬਹੁਤ ਮੁਸ਼ਕਲ ਹੋ ਗਿਆ ਹੈ
ਹੁਣ ਕੰਧਾਰ ਤੱਕ ਨਿਸ਼ਾਨ ਗੱਡਣਾ
ਹਰੀ ਸਿਓਂ ਹੀ ਨਹੀਂ ਲੱਭਦਾ
ਸ਼ਾਇਦ ਅੱਜ ਬਿਆਸ ਨਹੀਂ ਟੱਪ ਸਕਿਆ
ਰਣਜੀਤ ਸਿਓਂ ਲਹੌਰ ਬੈਠਾ ਉਡੀਕ ਰਿਹਾ ਹੈ-
ਨਹੀਂ ਸੱਚ
ਵਾਹਗੇ ਤੋਂ ਅੱਗੇ ਵੀਜ਼ਾ ਨਹੀਂ ਲੱਗਿਆ-
ਚਲ ਲਾਲ ਕਿਲੇ ਤੇ ਝੰਡਾ ਝੁਲਾਉਣ ਲਈ
ਕੋਈ ਭਾਲਦੇ ਹਾਂ ਨੰਗੀ ਤਲਵਾਰ ਵਾਲੇ ਨੂੰ
ਉਹ ਵੀ ਸ਼ੰਭੂ ਬਾਡਰ ਤੇ ਹੀ
ਬਿਠਾ ਲਿਆ ਹੈ ਸਿਪਾਹੀਆਂ ਨੇ-
ਚਲ ਫਿਰ ਰੋਸ ਕਰਦੀਆਂ
ਅਧਿਆਪਕਾਂਵਾਂ ਹੀ ਬਚਾ ਲਈਏ
ਡਾਹਣੇ ਨਾਲ ਫ਼ਾਹਾ ਲੈਂਦੇ ਨੂੰ ਰੋਕ ਲੈਂਦੇ ਹਾਂ
ਰਣਜੀਤ ਸਿੰਓਂ ਦੀ ਸੇਵਾ ਤੋਂ ਦੁਖੀ ਹੋ ਕੇ
ਕੋਈ ਨਹੀਂ ਦਿਸਦਾ ਕਿਹਨੂੰ ਘੱਲਾਂ
ਸਾਰੇ ਹੀ ਓਹਦੇ ਦਰਬਾਰ ਚ
ਬਹਿ ਜਾਂਦੇ ਨੇ ਜਾ, ਸਜ ਕੇ
ਕੋਈ ਮੁੜਦਾ ਹੀ ਨਹੀਂ ਬਾਹਰ-
ਓਧਰ ਲਹੂ-ਲੁਹਾਨ ਹੋ ਰਹੀਆਂ ਹਨ
ਪੱਗਾਂ ਤੇ ਚੁੰਨੀਆਂ
ਗੋਬਿੰਦ ਦੇ ਕੇਸ ਦਸਤਾਰਾਂ ਰੋਲਤੀਆਂ
ਰਣਜੀਤੇ ਦੇ ਟੁੱਕੜਬੋਚਾਂ ਨੇ
ਰੌਸ਼ਨ ਦਿਨਾਂ ਦੀ ਸ਼ਹਿ ਤੇ
ਅਬਦਾਲੀ ਹੁਣ ਕਿਤਿਓਂ ਨਹੀਂ ਆਉਂਦਾ ਜਾਂਦਾ
ਏਥੇ ਹੀ ਰਹਿੰਦਾ ਹੈ-ਕਿਤੇ
ਦਰਬਾਰ ਦੀਆਂ ਪੌੜ੍ਹੀਆਂ ਤੇ
ਜਾਂ ਚੰਡੀਗੜ੍ਹ ਵਧੀਆ ਕੋਠੀ ਤੇ ਕਬਜ਼ਾ ਕਰ ਕੇ
ਜਗਰਾਵੀਂ ਦੱਬੀ ਬੈਠਾ ਕਈਆਂ ਦੀ ਜ਼ਮੀਨ
ਰਾਤਾਂ ਮੁਟਿਆਰਾਂ ਤੱਕ ਰਹੀਆਂ ਹਨ
ਓਹਦੇ ਘਰ ਡੱਕੀਆਂ
ਕਿ ਕਦੋਂ ਕੋਈ ਆਵੇਗਾ
ਗੀਤ ਬਚਾਉਣ ਵਾਲਾ ਤਲਵਾਰ ਜਾਂ ਤੀਰ ਲੈ ਕੇ-
ਲੈ ਉਹ ਤਾਂ ਸਾਰੇ
ਬੈਠੇ ਸਮੈਕ ਪੀ ਰਹੇ ਹਨ-
ਬਾਕੀ ਦਾਰੂ ਦੀਆਂ ਪੇਟੀਆਂ
ਢੋਹ ਰਹੇ ਹਨ ਘਰਾਂ ਨੂੰ-
ਪੰਜਾਬ ਦੀਆਂ ਧੀਆਂ ਭੈਣਾਂ
ਤਾਂ ਹੁਣ ਬਚਾਉਣ ਵਾਲੇ ਹੀ ਚੁੱਕੀ ਜਾ ਰਹੇ ਹਨ-
ਦੇਖੋ ਕਿੰਨਾ ਮਹਿਫ਼ੂਜ਼ ਹੈ ਰਾਜ
ਘਰਾਂ ਤੋਂ ਜੇ ਜਾਓ ਤਾਂ ਆਖਰੀ ਪ੍ਰਣਾਮ ਕਰੋ
ਪਿੰਡ ਜੇ ਪਹੁੰਚੋ ਤਾਂ ਸ਼ੁਕਰ ਕਰੋ
ਅੱਜ ਦੇ ਦਿਨ ਤੇ ਸਾਹਵਾਂ ਦਾ
ਦਿੱਲ ਕਰਦਾ ਇਹਨਾਂ ਯੋਧਿਆਂ ਦੀ
ਕੁਫ਼ਰ ਕਹਾਣੀ ਲਿਖਾਂ
ਇਹਨਾਂ ਦੀਆਂ ਛਪੰਜ਼ਾ 2 ਇੰਚ ਚੌੜੀਆਂ
ਛਾਤੀਆਂ ਮਿਣ ਮਿਣ
ਮੈਡਲ ਸਜਾਵਾਂ
ਜਾਂ ਖੰਜ਼ਰ ਤਿੱਖਾ ਕਰ, ਲਿਸ਼ਕਾ ਕੇ
ਡੋਬਾਂ ਇਹਨਾਂ ਸੀਨਿਆਂ ਚ-
ਹੋ ਸਕਦਾ ਇੱਕ ਤਾਂ
ਏ ਐਸ ਆਈ ਦੀ ਧੀ ਦੀ ਇਜ਼ਤ ਬਚਾ ਲਵਾਂ-
ਹੱਥੀਂ ਚੁਣੇ ਇਮਾਨਦਾਰ ਨੇਤਾਵਾਂ ਤੋਂ-
ਕੁਝ ਕੁ ਸਲਾਖਾਂ ਤਾਂ ਤੋੜ ਸਕਦਾ ਹਾਂ
ਨਲੂਏ ਦੀ ਵਰਦੀ ਪਾ ਕੇ-
ਏਨੀ ਤਾਂ ਦਲੇਰੀ ਬਚੀ ਹੋਣੀ
ਅਜੇ ਪੰਜਾਬ ਦੀ ਅਣਖ ਦੀਆਂ ਅੱਖਾਂ ਚ
ਕਿ ਕਾਤਲ ਨੂੰ ਕਾਤਲ ਨਾ ਕਹੋ
ਸਮਝੌਤਾ-ਹੈ ਬਹੁਤ
ਤੋਤਿਆਂ ਨੂੰ ਬਿਠਾ ਦਿਓ ਮੰਦਿਰ ਦੀਆਂ
ਮਰਮਰੀ ਸਰਦਲਾਂ ਤੇ-
ਦਿਲ ਕਰਦਾ ਕਿ
ਲੋਕ ਗੀਤਾਂ ਨੂੰ ਪੁੱਛਾਂ ਕਿ ਚੁਰਾਹਿਆਂ ਚ
ਖਪਾ ਕਿਉਂ ਹੁੰਦੇ ਨੇ ਰੋਜ਼ ਮੇਰੇ ਲੋਕ
ਚੁੱਪ ਕਿਉਂ ਹੈ ਰਾਜਾ
ਕਿਉਂ ਨਹੀਂ ਤਿੜਕਦੀ ਇਹਦੀ ਨੀਂਦ
ਜਰਮਨ ਤੋਪਾਂ ਦੀ ਤਾਂ ਛੱਡੋ
ਕਿਉਂ ਨਹੀਂ ਸੁਣ ਹੁੰਦੀ ਤੁਹਾਡੇ ਤੋਂ
ਪਰਿਆ ਚ ਦੋਹੱਥੜੀਂ ਵੈਣ ਪਾਉਂਦੀ ਮਾਂ ਦੀ ਪੁਕਾਰ
ਕਿਉਂ ਨਹੀਂ ਅਜੇ ਤੱਕ ਨਜ਼ਰੀਂ ਪਏ
ਨਸ਼ੇ ਦੇ ਟੀਕਿਆਂ ਨਾਲ ਮਰ ਗਏ ਬਹਾਰਾਂ ਵਰਗੇ ਮੌਸਮ
ਕਬਰਾਂ ਵੱਲ ਨੂੰ ਜੁਆਨ ਪੁੱਤਾਂ ਦੀਆਂ ਲਾਸ਼ਾਂ ਢੋਂਹਦੇ
ਮੇਰੇ ਬੁੱਢੇ ਵਕਤ
ਦਰਿਆਓ ਕੀ ਹੋ ਗਿਆ ਤੁਹਾਨੂੰ
ਪਾਣੀਆਂ ਚ ਕੋਈ ਹੱਲਚਲ ਹੀ ਨਹੀਂ ਦਿਸਦੀ-
ਅਕਸ ਗੰਧਲੇ ਨੇ
ਕਿਸੇ ਨੂੰ ਨਹੀਂ ਦਿਸਦਾ ਕਿ
ਅੱਜ ਵੀ ਨਚਾਉਂਦਾ ਹੈ ਕੋਈ ਕੂੜ ਪੁੱਤਲੀਆਂ ਨੂੰ
ਸਾਡੇ ਨਾਨਕ ਦੇ ਵਿਹੜੇ
ਦੁਰਲਾਹਨਤ ਤੇਰੇ ਪੰਜਾਬ
ਸੱਜਰੇ ਫੁੱਲ ਜੇ ਤੇਰੇ ਖਿੜ੍ਹਦੇ ਹਨ
ਤਾਂ ਗੋਡਿਆਂ ਤੇ ਹੱਥ ਰੱਖ ਰੱਖ ਕੇ
ਜੇ ਸਰੂਰ ਹੈ
ਤਾਂ ਤੇਰੀ ਸੱਤਾ ਦੀ ਬਖ਼ਸ਼ੀ ਖ਼ੁਮਾਰੀ ਦਾ
ਕਿੱਥੇ ਹੈ ਉਹ ਸੂਰਜ
ਜਿਹੜਾ ਕਦੇ ਜਗਾਉਂਦਾ ਸੀ ਕੋੜਿਆਂ ਨਾਲ ਜ਼ਮੀਰ
ਪਾੜ ਦਿਓ ਸਲਤਨਤ ਦੀਆਂ ਜੇਬਾਂ
ਜਿਹਨਾਂ ਚੋਂ ਜਨਮਦੀ ਹੈ ਅਜੇਹੀ ਵਫ਼ਾਦਾਰੀ
ਮੈਂ ਲੱਭਦਾਂ ਬਾਬਾ ਦੀਪ ਸਿਓਂ
ਸੁੱਖੇ ਮਹਿਤਾਬ ਸਿੰਓਂ ਨੂੰ
ਤੁਸੀਂ ਬੈਠੋ ਸੱਤਾ ਦੇ ਪਾਵੇ ਫ਼ੜ੍ਹਕੇ
ਚਾੜ੍ਹਨੇ ਤਾਂ ਕੀ ਸੀ-
ਹੋਰ ਨਹੀਂ ਲਾਉਣ ਦਿੰਦਾ ਸੋਨ ਪੱਤਰੇ
ਗੋਬਿੰਦ ਦੇ ਬੂਹੇ ਤੋਂ-
ਕਿਰਤ ਦਾ ਇੱਕ ਇੱਕ ਸਿੱਕਾ ਗਿਣਾਂਗਾ
ਕਿਸੇ ਦੀ ਗੁਰਾਹੀ ਜਾਂ ਤਨ ਸਜਾਉਣ ਲਈ-
ਕਦੋਂ ਜਾਗੋਗੇ ਘੂਕ ਸੁੱਤੇ
ਸਨਮਾਨ ਮੇਰੇ ਹੱਥਾਂ ਚ ਹੈ –
ਦੇਵਾਂਗਾ ਓਸ ਨੂੰ
ਜੋ ਫਿਰ ਕੰਧਾਰ ਜਾ ਗੱਡੇ ਝੰਡਾ
ਬਚਾ ਕੇ ਘਰੀਂ ਛੱਡ ਕੇ ਆਵੇ ਕੰਜਕਾਂ ਨੂੰ-