ਚਾਹ ਰੋਟੀ ਵੇਲੇ
ਹੁਣ ਪੋਟੇ ਲੱਭਦੇ ਹਨ -ਆਈਪੈਡ
ਹਰਫ਼ਾਂ ਤੋਂ ਹੋ ਗਈਆਂ ਹਨ ਦੂਰੀਆਂ-
ਕਿਤਾਬਾਂ ਦੇ ਸਫ਼ੇ ਕੋਈ ਨਹੀਂ ਛੁੰਹਦਾ,ਪਰਤਦਾ
ਕੀ ਕਰਾਂਗਾ ਨਵੀਂ ਕਿਤਾਬ
ਛਪਵਾ ਕੇ –
ਕਵਰ ਤੇ ਆਪਣਾ ਨਾਂ ਲਿਖਵਾ ਕੇ-
ਕਿਸੇ ਨੇ ਨਹੀਂ ਪੜ੍ਹਨੀ ਮੇਰੀ ਕਿਤਾਬ-
ਪਈ ਰਹੇਗੀ ਕਿਸੇ ਦੀ ਸੈਲਫ ਤੇ
ਬੰਦ ਸਦੀਆਂ ਤੀਕ-ਮੇਰੀ ਭੇਟ ਕੀਤੀ ਕਿਤਾਬ
ਕਿੰਨਾ ਕੁਝ ਦਿਤਾ ਸੀ-
ਮੇਰੀ ਪਾਠ ਪੁਸਤਕ, ਕਵਿਤਾ,
ਤੇ ਕਹਾਣੀਆਂ ਵਾਲੀ ਕਿਤਾਬ ਨੇ-
ਲੋਕ ਸਾਰੇ ਕਿਤਾਬਾਂ 'ਚ ਹੀ ਜਨਮੇਂ
ਵੱਡੇ ਵੱਡੇ ਅਹੁਦਿਆਂ ਤੇ ਬੈਠੇ-
ਇਹ ਸਾਰਾ ਕਿਤਾਬਾਂ ਨੇ ਹੀ ਦਿਤਾ -
ਕਿਤਾਬਾਂ ਉਦਾਸ ਤੱਕ ਰਹੀਆਂ ਹਨ ਹੁਣ
ਸੈਲਫ਼ਾਂ ਤੋਂ-
ਉਡੀਕ ਰਹੀਆਂ ਹਨ ਕਿਸੇ ਆਪਣੇ ਨੂੰ-
ਕਿ ਕੋਈ ਆਵੇ
ਤੇ ਓਹਦੇ ਸਫ਼ਿਆਂ ਨੂੰ ਅੰਗਾਂ ਵਾਂਗ ਛੋਹੇ,
ਵਰਕਾ ਵਰਕਾ ਥੱਲੇ-ਹੋਟਾਂ ਤੋਂ ਆਏ ਪੋਟਿਆਂ ਨਾਲ-
ਕਿਤਾਬਾਂ ਜਿਹੜੀਆਂ ਲੈਣ ਦੇਣ ਵੇਲੇ
ਵਿਚੋਲੀਆਂ ਬਣਦੀਆਂ ਸਨ-
ਪਿਆਰ ਰਿਸ਼ਤੇ ਬਣਾਉਂਦੀਆਂ ਸਨ-
ਬੇਵੱਸ, ਬੇਚੈਨ ਪਈਆਂ ਹਨ-
ਹੁਣ ਕਿੱਥੇ ਰੱਖਿਆ ਕਰਾਂਗੇ
ਕਿਸੇ ਆਪਣੇ ਦੇ ਦਿੱਤੇ
ਪਿਆਰੇ ਹੱਥਾਂ ਨਾਲ ਸੂਹੇ ਗੁਲਾਬ-
ਜੋ ਮੁੱਦਤਾਂ ਤੀਕ ਸਾਂਭੇ ਰਹਿੰਦੇ ਸਨ-
ਖੇਲਦੇ ਸਨ ਕਦੇ ਕਦੇ ਉਂਗਲੀਆਂ 'ਚ-
ਕਿਤਾਬਾਂ ਨੇ ਯਾਦਾਂ ਦਿੱਤੀਆਂ
ਉਦਾਸ ਮਨਾਂ ਤੋਂ ਉਦਰੇਵੇਂ ਪੂੰਝੇ-
ਹੁਣ ਹਨੇਰਿਆਂ 'ਚ 'ਕੱਲੀਆਂ ਤੁਰਦੀਆਂ ਹਨ-
ਜਿਹਨਾਂ ਨੂੰ ਕਦੇ ਸੌਂ ਜਾਂਦੇ ਸਾਂ
ਹਿੱਕ ਨਾਲ ਲਾ ਕੇ
ਕਦੇ ਸਰਾ੍ਹਣੇ ਰੱਖ ਕੇ -
ਪੱਟਾਂ ਤੇ ਹੁਣ ਲੈਪਟੌਪ ਹੈ-
ਹੱਥਾਂ 'ਚ ਸਮਾਰਟ ਫ਼ੋਨ ਜਾਂ ਆਈਪੈਡ-
ਕਿਤਾਬਾਂ ਗੁਆਚ ਗਈਆਂ ਹਨ-
ਪਿਆਰ ਰਿਸ਼ਤੇ ਗੁੰਮ ਹੋ ਗਏ ਹਨ- ਕਿਤੇ
ਲੈਪਟੌਪ ਤੇ ਪਲਾਂ ਦੇ ਈਮੇਲ
ਵਟਸਅੱਪ ਤੇ ਸਕਿੰਟਾਂ ਦਾ ਮਿਲਣ-
ਕਿਤਾਬਾਂ ਵਰਗੀ ਨਹੀਂ ਹੈ ਮੁਲਾਕਾਤ
ਹਰਫ਼ ਹਰਫ਼ ਨਹੀਂ ਹੈ ਬਰਸਾਤ
ਫੁੱਲਾਂ ਲਈ ਨਹੀਂ ਹੈ ਹਵਾਲਾਤ
ਓਹਦੇ ਵਰਗੀ ਨਹੀਂ ਹੈ ਪਰਭਾਤ
Ravinder Sharma Heerke
ਡਾ਼ ਸਾਹਿਬ ਸੈਲਫ਼ਾਂ ਂਤੇ ਪਈਆਂ ਕਿਤਾਬਾਂ ਕਵਿਤਾ ਨੇ ਚੋਖਾ ਆਨੰਦ ਦਿੱਤਾ। ਕਿਤਾਬ ਛਪਵਾਉਣ ਦੀ ਇੱਛਾ ਬਾਰੇ ਤੁਸੀਂ ਆਪਣੀ ਕਵਿਤਾ ਂਚ ਖੂਬ ਚਰਚਾ ਕੀਤੀ। ਤੇ ਸੁਨੇਹੇ ਭੇਜਣ ਵਾਲੀ ਕਿਤਾਬਾਂ ਦੀ ਯਾਦ ਇਕਦਮ ਤਾਜ਼ਾ ਕਰ ਦਿੱਤੀ। ਬਹੁਤ ਖੂਬ ਲਿਖਿਆ ਡਾ਼ ਸਾਹਿਬ। ਜਿਉਂਦੇ ਰਹੋ, ਖੁਸ਼ੀਆਂ ਮਾਣੋ। ਧੰਨਵਾਦ। ਰਵਿੰਦਰ ਸ਼ਰਮਾ, ਹੀਰਕੇ , ਜਿ਼ਲ੍ਹਾ ਮਾਨਸਾ