ਜ਼ਹਿਰੀ ਗੀਤ - ਗੁਰਮੇਲ ਬੀਰੋਕੇ
Posted on:- 29-05-2016
ਗੀਤ ਦੀ ਧੁੰਨ
ਉੱਠੇ ਪੱਛਮ ਤੋਂ
ਵੱਜਦੀ ਪੂਰਵ ਜਾਕੇ
ਇਹ ਗੀਤ ਹੈ ਕਾਤਲ
ਸੋਹਣੇ ਚੰਦਾਂ ਦਾ
ਮਾਰੇ ਰਾਤਾਂ ਨੂੰ ਫਾਹੇ ਲਾਕੇ,
ਦੇਸ਼ੀ ਧੁੰਨ ਰਲ਼ਗੀ
ਵਿੱਚ ਬਿਦੇਸ਼ੀ ਦੇ
ਨਾਗ ਵੀ ਗਾਉਂਦੇ
ਜੀਭਾਂ ਦੇ ਸਾਜ਼ ਬਣਾ ਕੇ,
ਫ਼ਸਲਾਂ ਨੂੰ ਤੇਈਆ ਚੜ੍ਹਿਆ
ਚਿੜੀਆਂ ਦੇ ਖੰਭ ਖੋਹੇ
ਪਾਰਲੀਮੈਂਟ ‘ਚ ਕਾਂ ਦੇਖਣ
‘ਬਲਿਊ ਫਿਲਮਾਂ’ ਲਾਕੇ,
ਜ਼ਾਤ ਤੇ ਧਰਮਾਂ ‘ਚ ਵੰਡੇ
ਸਾਜ਼ ਸੰਗੀਤ ਦੇ
ਰਾਗ ਵੀ ਜ਼ਹਿਰੀ ਕੀਤੇ ਵਿਹੁ ਮਿਲਾ ਕੇ,
ਚੰਗੀਆਂ ਸੋਚਾਂ ਦਾ ਅਚਾਰ
ਡੱਬਿਆਂ ਵਿੱਚ ਬੰਦ ਪਿਆ
ਹਿੰਮਤਾਂ ਨੂੰ ਖੰਘ ਕੀਤੀ
ਸੋਨੇ ਦੀ ਗਰਦ ਚੜ੍ਹਾਕੇ,
ਗੀਤ ਦੀ ਧੁੰਨ
ਉੱਠੇ ਪੱਛਮ ਤੋਂ
ਵੱਜਦੀ ਵਿੱਚ ਪੂਰਵ ਜਾਕੇ…।
ਸੰਪਰਕ: 001-604-825-8053