ਕੇ.ਐੱਸ. ਦਾਰਾਪੁਰੀ ਦੀਆਂ ਦੋ ਕਾਵਿ-ਰਚਨਾਵਾਂ
Posted on:- 28-05-2016
ਧੀ ਦੀ ਪੁਕਾਰ
ਮਾਏ ਨੀ ਮਾਏ ਮੈਂ ਵੱਡੀ ਹੋ ਗਈ,
ਅੱਜ ਪੁੱਛਦੀ ਆਂ ਤੈਨੂੰ ਇਕ ਸਵਾਲ..
ਰੋਵੇਂ ਲੁਕ ਲੁਕ ਵੇਖ ਕੇ ਮੈਨੂੰ,
ਕਿਉਂ ਤੂੰ ਗਿਣਦੀ ਏ ਮੇਰੀ ਉਮਰ ਦੇ ਸਾਲ..
ਮੈਂ ਤੇ ਵੀਰਾ ਇੱਕੋ ਜਿੱਕੇ
ਕਿਉਂ ਤੂੰ ਵੱਧ ਦੇਵੇ ਓਹਨੂੰ ਸਬਜੀ ਦਾਲ,
ਰਲ ਦੋਵੇਂ ਅਸੀਂ ਸ਼ਰਾਰਤਾਂ ਕਰਦੇ ਰੌਲਾ ਪਾਉਂਦੇ,
ਕਿਉਂ ਬਾਪੂ ਕੱਲੀ ਨੂੰ ਮੈਨੂੰ ਕੱਢ ਦਾ ਏ ਗਾਲ..
ਸਾਰਾ ਕੰਮ ਕਰਾਵਾਂ ਤੇਰੇ ਨਾਲ ਘਰ ਦਾ,
ਕਿਉਂ ਆਖੇ ਵੀਰੇ ਨੂੰ ਮੇਰਾ ਪੁੱਤ ਮੇਰਾ ਲਾਲ…
ਬਾਹਰ ਨਾ ਜਾਣ ਦੇਵੇਂ ਮੈਨੂੰ ਖੇਡਣ ਵੀ ਨਾ ਦੇਵੇ,
ਕਿਉਂ ਤੂੰ ਰੱਖੇ ਮੇਰਾ ਸਭ ਜ਼ਿਆਦਾ ਹੀ ਖਿਆਲ…
ਬਾਪੂ ਆਖੇ ਮੈਂ ਹਾਂ ਧਨ ਪਰਾਇਆ,
ਕਿਓ ਤੂੰ ਨੀ ਰੱਖ ਸਕਦੀ ਮੈਨੂੰ ਆਪਣੇ ਨਾਲ..
ਜਦ ਪੁੱਛਦੀ ਮੇਰਾ ਘਰ ਕਿਹੜਾ ਤੇ ਕਿੱਥੇ,
ਕਿਉਂ ਤੂੰ ਦਿੰਦੀ ਸਵਾਲ ਮੇਰਾ ਇਹ ਟਾਲ…
ਮੈਂ ਪੜਣਾ ਚਾਹੁੰਦੀ ਕੁਝ ਬਣਨਾ ਚਾਹੁੰਦੀ,
ਕਿਓ ਬੁਣਿਆ ਮੇਰੀ ਕੱਲੀ ਦੁਆਲੇ ਇਕ ਜਾਲ,
ਨਿੱਤ ਦਿਨ ਪੜਨੇ ਕਾਲਜ ਮੈਂ ਜਾਵਾਂ,
ਕਿਉਂ ਆਖੇ ਸਿਰ ਢੱਕ ਕੁੜੀਏ ਚੁੰਨੀ ਨੂੰ ਸੰਭਾਲ
ਮੈਂ ਇਕ ਕੁੜੀ ਹਾਂ ਤੇ ਮੈਂ ਹਾ ਕਮਜ਼ੋਰ,
ਕਿਓ ਤੂੰ ਇਹ ਭਰਮ ਲਿਆ ਏ ਪਾਲ..
ਖੁੱਲ ਦੇ ਮੈਨੂੰ ਬਣ ਵਿਖਾਵਾਂ ਰਾਣੀ ਝਾਂਸੀ ਦੀ,
ਕਿਉਂ ਤੂੰ ਖੜਦੀ ਨੀ ਆਪਣੀ ਧੀ ਦੇ ਨਾਲ…
ਆਖੇ “ਦਾਰਾਪੁਰੀ” ਉੱਠੋ ਨੀ ਕੁੜੀਓ ਰਲ ਹੰਭਲਾ ਮਾਰੋ,
ਵੰਡੋ ਚਾਨਣ ਫੜੋ ਆਪਣੇ ਹੱਥਾਂ ਵਿਚ ਮਸ਼ਾਲ,
ਕੋਈ ਵਿਤਕਰਾ ਨਾ ਤੁਸੀਂ ਸਹਿਣਾ ਹੁਣ ਕੋਈ,
ਬਦਲ ਕੇ ਰੱਖ ਦਿਓ ਸਮਾਜ ਦੀ ਇਹ ਭੈੜੀ ਚਾਲ…
***
ਅੱਜ ਦਾ ਪੰਜਾਬ
ਗੱਡੀ ਨੂੰ ਹੌਲੀ ਚਲਾਓ ਮਿੱਤਰੋ,
ਖੁੱਲੇ ਨੇ ਥਾਂ ਥਾਂ ਠੇਕੇ ਏਥੇ ਸ਼ਰਾਬ ਦੇ।
ਡਰਦੀਆਂ ਨਾ ਨਿਕਲਣ ਘਰੋਂ ਕੁੜੀਆਂ,
ਮੰਡੀਰ ਫਿਰੇ ਲੈ ਕੇ ਜਗ ਭਰੇ ਇੱਥੇ ਤੇਜਾਬ ਦੇ।
ਥਾਂ ਥਾਂ ਤੇ ਪ੍ਰਦਰਸ਼ਨ ਥਾਂ ਥਾਂ ਤੇ ਧਰਨੇ ਲੱਗੇ,
ਵਿੱਚ ਨਸੇ ਦੇ ਟੱਲੀ ਨੌਜਵਾਨ ਇੱਥੇ ਬੇ ਹਿਸਾਬ ਨੇ….
ਲ਼ੁੱਟਾ ਖੋਹਾਂ ਡਕੈਤੀਆਂ ਰੋਜ਼ ਦੀਆਂ ਖਬਰਾਂ,
ਬਹੁਤ ਹੁਣ ਹਾਲਾਤ ਹੋਏ ਏਥੇ ਖਰਾਬ ਨੇ…
ਪੜੇ ਲਿਖੇ ਖਾਣ ਦਰ ਦਰ ਦੀਆਂ ਠੋਕਰਾਂ,
ਓਹ ਲੱਭਦੇ ਫਿਰਦੇ ਸਾਲਾਂ ਤੋਂ ਏਥੇ ਜਾਬ ਨੇ…
ਫੇਰ ਵੀ ਬਣਾਵਾਂਗੇ ਪੰਜਾਬ ਨੂੰ ਕੈਲੀਫੋਰਨੀਆਂ,
ਨਾਅਰੇ ਲੀਡਰਾਂ ਦੇ ਵੇਖੋ ਕਿੰਨੇ ਲਾਜਵਾਬ ਨੇ….
ਆਓ ਸਿਰਜਨਾਂ ਕਰੀਏ ਨਸ਼ਾ ਮੁਕਤ ਪੰਜਾਬ ਦੀ,
ਖਿੜਾਈਏ ਸਭ ਪਾਸੇ ਫੁੱਲ ਗੁਲਾਬ ਦੇ,
ਰਲ ਹੰਭਲਾ ਮਾਰੋ ਸਾਰੇ ਪੰਜਾਬੀਓ,
ਆਖੇ “ਦਾਰਾ ਪੁਰੀ” ਖੁਸ਼ੀਆਂ ਲਿਆਈਏ ਵਿੱਚ ਪੰਜਾਬ ਦੇ…
ਸੰਪਰਕ : +91 84276 00067