ਗ਼ਜ਼ਲ –ਰਣਜੀਤ ਖੋਖਰ
Posted on:- 27-05-2016
ਹੱਸ ਲੈ, ਨੱਚ ਲੈ, ਗਾ ਲੈ, ਮੇਲਾ ਚਾਰ ਦਿਨਾਂ ਦਾ।
ਰੁੱਸਿਆ ਯਾਰ ਮਨਾ ਲੈ, ਮੇਲਾ ਚਾਰ ਦਿਨਾਂ ਦਾ।
ਜਾਤਾਂ ਪਾਤਾਂ ਨੂੰ ਛੱਡ ਮਾਲਕ ਸਭ ਦਾ ਇੱਕੋ,
ਮਾੜੀ ਸੋਚ ਮੁਕਾ ਲੈ, ਮੇਲਾ ਚਾਰ ਦਿਨਾਂ ਦਾ।
ਥਾਂ ਥਾਂ ਯਾਰੀ ਲਾਉਣਾ ਹੁੰਦਾ ਠੀਕ ਨਹੀ ਹੈ,
ਇਕੋ ਮੀਤ ਬਣਾ ਲੈ, ਮੇਲਾ ਚਾਰ ਦਿਨਾਂ ਦਾ।
ਮੇਰੀ ਮੇਰੀ ਕਰਦਾ ਜੱਗੋਂ ਤੁਰ ਜਾਵੇਂਗਾ,
ਇਸ਼ਕੀ ਜੋਤ ਜਗਾ ਲੈ, ਮੇਲਾ ਚਾਰ ਦਿਨਾਂ ਦਾ।
ਠੱਗਾਂ ਪਿੱਛੇ ਲੱਗ ਕੇ ਨਾ ਤੂੰ ਜੀਵਨ ਰੋਲੀਂ,
ਸੱਚਾ ਨਾਮ ਕਮਾ ਲੈ, ਮੇਲਾ ਚਾਰ ਦਿਨਾਂ ਦਾ।
ਰੋਣਾ ਧੋਣਾ ਛੱਡ ਸਵੀ'ਖਿੜ ਫੁੱਲਾਂ ਵਾਂਗੂੰ,
ਨੈਣੀਂ ਕਜਲਾ ਪਾ ਲੈ, ਮੇਲਾ ਚਾਰ ਦਿਨਾਂ ਦਾ।