ਕਿਰਤ ਨੂੰ ਸਲਾਮ -ਕਰਮਜੀਤ ਸਕਰੁੱਲਾਂਪੁਰੀ
Posted on:- 22-05-2016
ਸੁਣ ਕਿਰਤੀਆ, ਸੁਣ ਕਾਮਿਆਂ, ਕਿਰਸਾਨ ਵੀਰਿਆ ...
ਤੂੰ ਹਿੰਮਤਾਂ ਦੇ ਨਾਲ਼ ਹਰ ਤੂਫ਼ਾਨ ਚੀਰਿਆ...
ਸੋਹਣੀ ਬਣਾਵੇਂ ਦੁਨੀਆਂ, ਕਰਦਾ ਨਹੀਂ ਆਰਾਮ....
ਕਿਰਤ ਨੂੰ ਸਲਾਮ, ਤੇਰੀ ਕਿਰਤ ਨੂੰ ਸਲਾਮ. ...!!!
ਤੇਰੇ ਸਿਰ ਦੀ ਟੋਕਰੀ 'ਚੋਂ ਬਣੇ ਮਹਿਲ -ਮਾੜੀਆਂ ।
ਸੂਈ, ਜਹਾਜ, ਰੇਲਾਂ ਇਹ ਚੀਜ਼ਾਂ ਸਾਰੀਆਂ ।
ਤੇਰਾ ਮੁੜ੍ਹਕਾ ਜਿੱਥੇ ਡੁੱਲ੍ਹਦਾ ਉਥੇ ਹੋਣ ਬਰਕਤਾਂ ,
ਬੰਜਰ ਜ਼ਮੀਨਾਂ ਦੋਸਤਾਂ ਤੂੰ ਖ਼ੁਦ ਸੰਵਾਰੀਆਂ ।
ਕਿੰਨੀ ਹੈ ਖ਼ਾਸ ਹਸਤੀ, ਰਹਿੰਦਾ ਏਂ ਬਣਕੇ ਆਮ ....
ਕਿਰਤ ਨੂੰ ਸਲਾਮ......।
ਗਰਮੀ ਨੇ ਸਾੜਿਆਂ ਏਂ ਤੂੰ, ਸਰਦੀ ਨੇ ਠਾਰਿਆ ।
ਬੇਰਹਿਮ ਮੌਸਮਾਂ ਦਾ ਤੂੰ ਹਰ ਦੁੱਖ ਸਹਾਰਿਆ ।
ਗ਼ੁਰਬਤ ਨੇ ਤੇਰੇ ਦਰ 'ਤੇ ਲਾਏ ਹੋਏ ਡੇਰੇ,
ਫ਼ਿਰ ਵੀ ਸਿਤਮਗ਼ਰਾਂ ਨੂੰ ਖੜ੍ਹ ਕੇ ਵੰਗਾਰਿਆ ।
ਤੇਰਾ ਰੋਸ ਹੀ ਕਰ ਦੇਵੇ ਸਾਰੇ ਜਹਾਂ ਨੂੰ ਜਾਮ.....
ਕਿਰਤ ਨੂੰ ਸਲਾਮ ...... ।
ਕੋਈ "ਕਰਮਜੀਤ " ਕਹਿੰਦੈ, ਬੁੱਝ ਲੈ ਬੁਝਾਰਤਾਂ ।
ਜਿੱਥੇ ਵੀ ਜ਼ੁਲਮ ਦਿਸਦੈ ਕਰ ਦੇ ਬਗ਼ਾਵਤਾਂ ।
ਤੇਰੇ ਹੱਥਾਂ ਉੱਤੇ ਰੱਖ ਕੇ ਕਿਸਮਤ ਦਾ ਫ਼ਲਸਫ਼ਾ
ਕੋਈ ਪਰਦੇ ਪਿੱਛੋਂ ਖੇਡਦੈ ਮਿੱਤਰਾ ਸਿਆਸਤਾਂ ।
ਹੁਣ ਖੁੱਦ ਨੂੰ ਇਨਕਲਾਬੀ ਐਲਾਨ ਸ਼ਰੇਆਮ ....
ਕਿਰਤ ਨੂੰ ਸਲਾਮ, ਤੇਰੀ ਕਿਰਤ ਸਲਾਮ....।