ਬੈਠ ਕੀ ਕਰਾਂਗੇ ਏਥੇ -ਡਾ. ਅਮਰਜੀਤ ਟਾਂਡਾ
Posted on:- 19-05-2016
ਬੈਠ ਕੀ ਕਰਾਂਗੇ ਏਥੇ
ਚੱਲ ਉਡ ਚੱਲੀਏ
ਝੀਲ ਨਹੀਂ ਬਣੀਦਾ ਝੱਲੀਏ
ਵਹਿਣ ਬਣੀਦਾ
ਨੇੜੇ ਬਹਿ ਕੇ ਦੁਖ ਜੇਹੇ ਸੁਣੇ
ਓਦਾਂ ਦੀ ਕੋਈ ਰੈਣ ਬਣੀਦਾ
ਚੱਲਾਂਗੇ ਤਾਂ ਟੁਰ ਪੈਣਗੇ ਰਾਹ
ਰੁੱਖਾਂ ਨੇ ਵੀ ਟੁਰ ਪੈਣਾ
ਰਾਹੀਆਂ ਨਾਲ ਹੀ ਤੁਰਦੇ ਨੇ ਪਰਿੰਦੇ
ਕਦੇ ਦੇਖੇ ਤੈਂ ਪਰਬਤ ਤੁਰਦੇ?
ਪੰਛੀਆਂ ਵੱਲ ਦੇਖ
ਉਡਾਰੀ 'ਚ ਕਿੰਨੀ ਮਹਿਕ ਹੈ
ਬੋਲਾਂ ਚ ਕਿੰਨੀ ਟਹਿਕ ਹੈ
ਭਰੇ ਜੇਹੇ ਖਾਲੀ ਘਰਾਂ ਤੋਂ ਦੂਰ
ਚੱਲ ਟੁਰ ਚੱਲੀਏ
ਇਹ ਲੋਕ ਨਹੀਂ ਟੁਰਦੇ
ਤਾਂ ਨਾ ਸਹੀ
ਖਾਲੀ ਪਿੰਡ ਦੇਖ ਕੇ ਦੌੜਣਗੇ ਆਪਣੇ ਪਿੱਛੇ
ਸੂਰਜ ਨਾ ਸਹੀ
ਚੰਨ ਨੂੰ ਤਾਂ ਫ਼ੜ੍ਹੀਏ
ਕੋਈ ਤਾਂ ਅੰਬਰ ਪੌੜੀ ਚੜ੍ਹੀਏ
ਏਥੇ ਇਕੱਲੀ ਕੀ ਕਰੇਂਗੀ
ਉਦਾਸ ਸ਼ਹਿਰ 'ਚ ਕੀ ਕਰੇਂਗੀ
ਨੁੱਕਰ ਕਿਸੇ ਚ ਚੁੱਪ ਮਰੇਂਗੀ-
ਕਿਸੇ ਦੇ ਨਾਲ ਨਹੀਂ ਚੱਲੀਦਾ
ਮੁੱਸ਼ਕਲ ਕਰ ਦਿੰਦੇ ਨੇ ਇਹ ਲੋਕ ਚੱਲਣਾ
ਐਂਵੇ ਨਹੀਂ ਪਾਈ ਦੀਆਂ ਝਾਂਜਰਾਂ ਪੈਰਾਂ ਚ
ਜੇ ਨੱਚਣ ਦਾ ਚਾਅ ਨਹੀਂ ਹੈ ਤਾਂ
ਜੇ ਤਰਜ਼ ਨਹੀਂ ਕੋਈ ਸਾਹਾਂ ਚ
ਨੱਚਣ ਨੂੰ ਦੇਖ ਕਿੱਡੀ ਧਰਤੀ
ਉੱਡਣ ਨੂੰ ਕਿੱਡਾ ਅਸਮਾਨ
ਬੰਸਰੀ ਨੂੰ ਹੋਟਾਂ ਦੀ ਛੁਹ ਤਾਂ ਦੇ
ਉੱਗ ਪੈਣਗੀਆਂ ਤਰਜ਼ਾਂ
ਉੱਡ ਪੈਣਗੇ ਗੀਤ-
ਕੀ ਖੱਟਿਆ ਏਨੇ ਸਾਲ
ਇੱਕ ਥਾਂ ਚਾਰ ਕੇ ਮੱਝਾਂ
ਕੀ ਉਹ ਮਰਦ ਦਰਿਆ ਸੀ-
ਡੁੱਬਦੀ ਨੂੰ ਵੀ ਨਾ ਬਚਾ ਸਕਿਆ
ਬੇਅਰਥ ਨਾ ਗੁਆ ਹੰਝੂ
ਐਵੇਂ ਨਾ ਚੜ੍ਹੀਂ ਬੇਗਾਨੀ ਡੋਲੀ
ਬਾਪੂ ਦੇ ਕਹੇ
ਅੱਜ ਫ਼ਿਰ ਸ਼ਾਮ ਚੰਦ ਚੜ੍ਹੇਗਾ ਘੋੜੀ
ਰਾਤ ਨੇ ਫਿਰ ਮਨਾਉਣੀ ਹੈ ਸੁਹਾਗ ਰਾਤ
ਸੇਜ ਵਿਛਾ- ਤਾਰਿਆਂ ਦੀ
ਨਵੇਂ ਸੁਪਨੇ ਲਿਖ ਰੂਹ ਤੇ
ਰੇਤ ਕਣ ਕਿਰ ਰਹੇ ਨੇ ਜ਼ਿੰਦਗੀ ਦੇ
ਮੁੱਠੀਆਂ ਘੁੱਟ ਕੇ ਰੱਖ-
ਕਿਤੇ ਨਵੇਂ ਤਰਾਸੇ ਖ਼ਾਬ ਨਾ ਡਿਗ ਜਾਣ ਟੁੱਟ ਕੇ-
ਧਰਤ ਜਖ਼ਮੀਂ ਹੋ ਜਾਵੇਗੀ-
ਫੁੱਲ ਮੁਰਝਾ ਜਾਣਗੇ -
ਅੰਬਰਾਂ ਤੇ ਸੂਰਜ ਨੇ ਨਹੀਂ ਆਉਣਾ ਮੁੜ ਕੇ
ਜੇ ਇੰਜ਼ ਹੋਇਆ ਤਾਂ-