ਚੁੱਪ - ਕੇ.ਐੱਸ. ਦਾਰਾਪੁਰੀ
Posted on:- 11-05-2016
ਨਿੱਕੀ ਹੁੰਦੀ ਨੂੰ ਬਿਨਾਂ ਕਸੂਰੋਂ ਮਾਂ ਨੇ ਮੈਨੂੰ ਕੁੱਟਿਆ ਸੀ,
ਗ਼ਲਤੀ ਵੀਰੇ ਦੀ ਤੇ ਮਾਂ ਨੇ ਮੈਨੂੰ ਝੰਬਿਆ ਸੀ,
ਡਰ ਕੇ ਉਸੇ ਦਿਨ ਤੋਂ ਹੋ ਗਈ ਸੀ ਮੈਂ ਚੁੱਪ…
ਰਾਇ ਦਿੱਤੀ ਸੀ ਮੈਂ ਜਦ ਬਾਪੂ ਨੇ ਮਕਾਨ ਬਣਾਉਣਾ ਅਰੰਭਿਆ ਸੀ,
ਕੁੜੀਏ ਆਪਣੇ ਘਰੀਂ ਕਰੀਂ ਮਰਜ਼ੀ ਕਰੋਧ ਨਾਲ ਚਿਹਰਾ ਉਸ ਦਾ ਰੰਗਿਆ ਸੀ,
ਡਰ ਕੇ ਉਸੇ ਦਿਨ ਤੋਂ ਹੋ ਗਈ ਸੀ ਮੈਂ ਚੁੱਪ…
ਪੜਨਾ ਚਾਹੁੰਦੀ ਸੀ ਮੈਂ ਪਰ ਬਸਤਾ ਵੀਰ ਨੇ ਕਿੱਲੀ ਟੰਗਿਆ ਸੀ,
ਮੇਰੀ ਮਰਜ਼ੀ ਪੁੱਛੇ ਬਿਨਾਂ ਬਾਪੂ ਨੇ ਮੈਨੂੰ ਮੰਗਿਆ ਸੀ,
ਡਰ ਕੇ ਉਸੇ ਦਿਨ ਤੋਂ ਹੋ ਗਈ ਸੀ ਮੈਂ ਚੁੱਪ…
ਗੱਲ ਗੱਲ ਦੀ ਟੋਕਾ ਟਾਕੀ ਨੇ ਨਵੇਂ ਮੇਰਾ ਜੀ ਆਇਆ ਨੂੰ ਕਰਿਆ ਸੀ,
ਸਾਡੇ ਘਰ ਦਖਲ ਨਾ ਦੇ ਏਦਾਂ ਕਹਿ ਸਿਰ ਦੇ ਸਾਈਂ ਨੇ ਜਾਨ ਮੇਰੀ ਨੂੰ ਸੂਲੀ ਟੰਗਿਆ ਸੀ,
ਡਰ ਕੇ ਉਸੇ ਦਿਨ ਤੋਂ ਹੋ ਗਈ ਸੀ ਮੈਂ ਚੁੱਪ…
ਜਿਹਨੂੰ ਲਾਡ ਲਡਾਇਆ ਉਂਗਲੀ ਫੜ ਚੱਲਣਾ ਸਿਖਾਇਆ ਸੀ ,
ਮਾਂ ਜਾਏ ਨੇ ਹਰ ਥਾਂ ਭੰਡਿਆ ਮੰਮੀ ਤੋਂ ਮਾਤਾ ਫੇਰ ਬੁੱਢੀ ਕਹਿਣੋ ਨਾ ਸੰਗਿਆ ਸੀ,
ਡਰ ਕੇ ਉਸੇ ਦਿਨ ਤੋਂ ਹੋ ਗਈ ਸੀ ਮੈਂ ਚੁੱਪ…
ਬਚਪਨ ਤੋਂ ਬੁੱਢਾਪੇ ਤਕ ਚੁੱਪ,ਮੇਰਾ ਨਾਂ ਵੀ ਹੋਣਾ ਚਾਹੀਦਾ ਸੀ ਚੁੱਪ ,
ਕਿਸੇ ਨਾ ਮੇਰਾ ਸਾਥ ਦਿੱਤਾ ਨਾ ਸਮਝਿਆ ਮੈਂ ਕਿਓਂ ਸੀ ਚੁੱਪ,
ਹੁਣ ਦੱਸੋ ਸਮਾਜ ਵਾਲਿਓ ਆਖਿਰ ਕਦੋਂ ਤੱਕ ਰਹੋਂਗੇ ਚੁੱਪ…
ਸੰਪਰਕ: +91 84276 00067