ਹੱਸ ਕੇ ਫ਼ਾਂਸੀ ਚੜ੍ਹਨ ਵਾਲਿਆ ਸੁਣ ਸਰਦਾਰਾ ਵੇ,
ਕਾਮੇ ਕਿਰਤੀ ਲੋਕਾਂ ਦੇ ਸੱਚੇ ਦਿਲਦਾਰਾ ਵੇ,
ਗਿਰਝਾਂ ਨੋਚਣ ਤੇਰੇ ਇਨਕਲਾਬੀ ਯਤਨਾਂ ਨੂੰ ,
ਮਾਰ ਗੇੜਾ ਇਕ ਹੋਰ ਭਗਤ ਸਿਹਾਂ ਮੁੜਕੇ ਵਤਨਾਂ ਨੂੰ।
ਤੂੰ ਚਾਹੁੰਦਾ ਸੀ ਸਾਰਾ ਕੁਝ ਇਕਸਾਰ ਬਣਾਵਾਂਗੇ,
ਮਾਲਕ ਤੇ ਮਜ਼ਦੂਰਾਂ ਵਿਚਲਾ ਫ਼ਰਕ ਮਿਟਾਵਾਂਗੇ,
ਪਰ ਕਿਰਤੀ ਤਾਂ ਅੱਜ ਵੀ ਕੰਮ ਤੋਂ ਖਾਲੀ ਮੁੜਦਾ ਏ ,
ਸਾਰਾ ਹੀ ਸਰਮਾਇਆ ਇਕ ਪਾਸੇ ਨੂੰ ਰੁੜ੍ਹਦਾ ਏ।
ਓਹੀ ਜ਼ਾਤਾਂ ਪਾਤਾਂ ਓਹੀ ਝਗੜੇ ਧਰਮਾਂ ਦੇ,
ਪੜ੍ਹੇ-ਲਿਖੇ ਵੀ ਜਾਲ਼ 'ਚ ਫਸ ਗਏ ਵਹਿਮਾਂ-ਭਰਮਾਂ ਦੇ ,
ਸੰਨ ਸੰਤਾਲ਼ੀ ਵਿਚ ਤਾਂ ਮਜ਼ਹਬ ਐਦਾਂ ਵਰਤੇ ਗਏ,
ਕੁਰਸੀਆਂ ਖਾਤਰ ਮੁਲਕ ਤੇਰੇ ਦੇ ਟੁਕੜੇ ਕਰਤੇ ਗਏ।