ਗ਼ਜ਼ਲ - ਸੁਖਵਿੰਦਰ ਸਿੰਘ ਲੋਟੇ
Posted on:- 05-04-2016
ਕਿੰਝ ਭੁਲਾਵਾਂ ਯਾਰਾ ਤੈਨੂੰ, ਕਿੰਝ ਜ਼ਖ਼ਮ ਦਫ਼ਨਾਵਾਂ।
ਰੁਸ ਕੇ ਭਜਿਆ ਮੇਰੇ ਕੋਲੋਂ, ਕਿੱਦਾਂ ਵਖ਼ਤ ਟਪਾਵਾਂ।
ਚਾਹਤ ਮੇਰੀ ਉਡਦੀ ਫਿਰਦੀ, ਕਿੱਦਾਂ ਬੰਨ੍ਹ ਬਹਾਵਾਂ।
ਕਿਸ ਸੋਣ੍ਹੀ ਦੇ ਬੂਹੇ ਅਗੇ, ਜਾ ਕੇ ਅਲਖ਼ ਜਗਾਵਾਂ।
ਨ੍ਹੇਰੇ ਨੂੰ ਮੈਂ ਚਾਨਣ ਕਰਦਾਂ, ਦਿਲ ਦਾ ਦੀਪ ਜਲਾ ਕੇ,
ਲੋਕੀ ਆਖ਼ਣ ਧੁੱਪ ਚੜ੍ਹੀ ਹੈ, ਦੁਨੀਆਂ ਨੂੰ ਰੁਸ਼ਨਾਵਾਂ।
ਮਿਤਰਾ ਤੇਰੇ ਨਾਲ ਪਤਾ ਨੀ, ਕੀ ਰਿਸ਼ਤਾ ਹੈ ਮੇਰਾ,
ਅੱਖਾਂ ਦੇ ਵਿੱਚ ਅੱਖਾਂ ਪਾ ਕੇ, ਖੂਬ ਸਰੂਰ ਦਿਲਾਵਾਂ।
ਪੂਰਣਮਾਸ਼ੀ ਰਾਤ ਸੁਹਾਨੀ, ਦਿਲ ਕਰਦਾ ਹੈ ਮੇਰਾ,
ਤੇਰੇ ਅੰਗਾਂ ਦੀਆਂ ਸਿਫ਼ਤਾਂ, ਗ਼ਜ਼ਲਾਂ ਵਿੱਚ ਸੁਣਾਵਾਂ।
ਇਕ ਦੂਜੇ ਤੋਂ ਸੁੰਦਰ ਚਿਹਰੇ, ਫਿਰਦੇ ਮੇਰੇ ਦੁਆਲੇ,
ਆਸਾਂ ਲਾਈ ਫਿਰਦੇ ਸਾਰੇ, ਕਿਸ ਨੂੰ ਮੈਂ ਅਪਣਾਵਾਂ।
ਅੱਖਾਂ ਰਾਹੀਂ ਤੀਰ ਚਲਾਵੇਂ, ਸਿੱਧੇ ਦਿਲ ਵਿਚ ਲਗਦੇ,
‘ਲੋਟੇ‘ ਹੀ ਹੈ ਲੱਭਾ ਤੈਨੂੰ, ਦੇਵਾਂ ਖੂਬ ਦੁਆਵਾਂ।
ਸੰਪਰਕ: +91 94177 73277