ਇੱਕ ਵੇਸਵਾ - ਪਲਵਿੰਦਰ ਸੰਧੂ
Posted on:- 01-04-2016
ਮੇਰੇ ਦਿਲ ਵਿੱਚ ਇੱਕ ਸੁਪਨੇ ਦੀ ਕਬਰ
ਕਿੰਨੇ ਹੀ ਸਾਲਾਂ ਤੋਂ ਸਹਿਕ ਰਹੀ ਹੈ
ਰੋਜ਼ ਹੀ ਮਾਤਮੀ ਸਿਸਕੀਆਂ ਭਰਦੀ ਮੈਂ
ਜਿਉਂ ਰਹੀ ਹਾਂ ਇਸ ਕਬਰ ਅੰਦਰ
ਮੇਰੀ ਜ਼ਿੰਦਗੀ ਸੌਂ ਜਾਂਦੀ ਹੈ
ਚੜਦੇ ਸੂਰਜ ਨਾਲ
ਅਤੇ ਜ਼ਿੰਦਗੀ ਦੀ ਹੋਂਦ ਦਾ ਅਹਿਸਾਸ
ਕਾਲਾ ਚੰਨ ਕਰਾਉਂਦਾ ਹੈ
ਮੇਰੀ ਮੁਕਤੀ ਕਿਸੇ ਇਬਾਦਤ ਵਿੱਚ ਨਹੀਂ
ਮੇਰੀ ਸਾਰਥਿਕਤਾ ਬਸ ਭੋਗਣ ’ਚ ਹੈ
ਕਾਲਖ ਦਾ ਵਪਾਰ ਕਰਦੀ ਮੈਂ
ਕਿੰਨੀ ਲਿਪਾ ਪੋਚੀ ਕਰਦੀ ਹਾਂ
ਸਮਾਜ ਦੀ ਕਰੂਰਤਾ ਨੂੰ ਲਕੋਣ ਲਈ
ਸਲ੍ਹਾਬੀਆਂ ਕੋਠੜੀਆਂ ਅੰਦਰ
ਮੁਸ਼ਕੇ ਸਾਹਾਂ ਵਿੱਚ ਜਿਉਂਦੀ
ਆਰਜਾ ਦੀ ਲਾਸ਼ ਨੂੰ ਧੂਹਦੀਂ
ਫੱਟਿਆਂ ਤੇ ਭਾਵ ਵਿਹੂਣਾ ਲੋਥੜਾ ਹੁੰਦੀ ਹਾਂ
ਜਿਨਸੀ ਭੁੱਖ ਮਿਟਾਉਂਦੀ
ਮੈਂ ਅਹਿਸਾਸਾਂ ਦੇ ਕੁਪੋਸਣ ਦਾ ਸੰਤਾਪ
ਸਦੀਆਂ ਤੋਂ ਹੰਢਾ ਰਹੀ ਹਾਂ
ਮੇਰੇ ਘਰਾਂ ਦੇ ਅਰਥ ਵੀ ਹੋਰ ਨੇ
ਜਿਉਣ ਦੀ ਖਾਹਿਸ਼ ਦੇ ਮੋਹ ਵਿਚ
ਮੈਂ ਮਿਲੀ ਸਰਾਂ ਦੀ ਪਨਾਹ ਨੂੰ
ਸਦੀਵੀ ਬਸੇਰਾ ਮੰਨਦੀ ਹਾਂ
ਉਮਰ ਦੇ ਹੇਰ ਫੇਰ ਵੀ
ਮੇਰੇ ਮੁੱਲ ਨੂੰ ਫਾਲਤੂ ਮੁੱਲ ਦਿੰਦੇ ਨੇ
ਮੈਂ ਚਹਿਕਦੇ ਅਤੇ ਟਹਿਰਦੇ ਕੋਠਿਆਂ ਤੋਂ
ਸ਼ਹਿਰ ਦੀਆਂ ਬੇਨਾਮ ਰਾਹਾਂ ਤੇ ਚਲੀ ਜਾਂਦੀ ਹਾਂ
ਇਕ ਲਵਾਰਿਸ ਭਟਕਦੀ ਰੂਹ ਬਣ ਕੇ
ਮੇਰੇ ਕਿੰਨੇ ਹੀ ਰਿਸ਼ਤੇ ਨੇ
ਬਿਨਾਂ ਵਿਆਹੀ ਮਾਂ
ਅਤੇ ਖਸਮ ਮਰੇ ਬਿਨਾਂ ਰੰਡੀ
ਕਿੰਨਾ ਇਤਫਾਕ ਹੈ ਕਿ
ਸਮਾਜ ਦਾ ਸਭਿਅਕ ਹਵਸੀ ਕੂੜਾ ਸਾਫ ਕਰਦੀ
ਮੈਂ, ਦੁਨੀਆਂ ਦੀ ਸਭ ਤੋਂ ਗੰਦੀ ਚੀਜ਼ ਹਾਂ।
ਸੰਪਰਕ: +91 98109 14840