ਫੌਜਾਂ ਪੰਜਾਬ ਦੀਆਂ - ਹਰਜਿੰਦਰ ਗੁਲਪੁਰ
Posted on:- 22-03-2016
ਪੁੱਤ ਖਾਣੀ ਨਹਿਰ ਉੱਤੇ, ਸਿਵੇ ਫੇਰ ਬਾਲਣੇ ਲਈ,
ਖਿੱਚ ਲਈਆਂ ਹੁਣ ਫਿਰ ਲੀਡਰਾਂ ਤਿਆਰੀਆਂ।
ਉੰਗਲੀ ਨੂੰ ਲਹੂ ਲਾਕੇ ਬਣਨੇ 'ਸ਼ਹੀਦ' ਸਾਰੇ,
ਨਹਿਰ ਪੂਰਨੇ ਲਈ ਕਹਿੰਦੇ ਤੇਗਾਂ ਅਸੀਂ ਮਾਰੀਆਂ।
ਬਲਦੀ ਦੇ ਬੁੱਥੇ 'ਚ ਪੰਜਾਬ ਫੇਰ ਦੇ ਦੇਣਾ,
ਕੁਰਸੀ ਦੇ ਭੁੱਖੇ ਰਾਜਨੀਤੀ ਦੇ ਵਪਾਰੀਆਂ।
ਰੰਗਲਾ ਪੰਜਾਬ ਫੇਰ ਲਹੂ ਵਿੱਚ ਡੋਬ ਦੇਣਾ,
ਖੇਡ ਖੇਡ ਵਿੱਚ ਇਹਨਾਂ ਚਾਤਰ ਲਲਾਰੀਆਂ।
ਹੱਥਾਂ ਹੇਠ ਸਾੰਭ ਲਈਆਂ,ਖਾਸ ਖਾਸ ਖੋਟੀਆਂ,
ਅੱਖੀਂ ਘੱਟਾ ਪਾਉਣ ਲਈ ਨਰਦਾਂ ਖਿਲਾਰੀਆਂ।
ਉਨ ਲਾਹੁਣ ਸਮੇਂ ਰੁੱਸੇ ਇੱਜੜ ਮਨਾ ਲੈਂਦੇ,
ਵਾਰ ਵਾਰ 'ਭੇਡਾਂ' ਇਹਨਾਂ ਹੱਥਾਂ ਉੱਤੇ ਚਾਰੀਆਂ।
ਬੋਹਲਾਂ ਦੇ ਵਿਚਾਲੇ ਰੋਵੇ ਯਾਦ ਕਰ ਫਸਲਾਂ ਨੂੰ,
ਪੁੱਤਾਂ ਵਾਂਗ ਪਾਲੀਆਂ ਜੋ ਜਾਨ ਤੋਂ ਪਿਆਰੀਆਂ।
ਆਗੂਆਂ ਦੇ ਚੱਟੇ ਹੋਏ ਰੁੱਖ ਹਰੇ ਹੁੰਦੇ ਨੀ।
ਜਿਹਨਾਂ ਪਿੱਛੇ ਲੱਗ ਕਈ ਤੋੜ ਲੈਂਦੇ ਯਾਰੀਆਂ।
ਪਾਣੀਆਂ ਦੇ ਨਾਲ ਕਹਿੰਦੇ ਅੱਗਾਂ ਹੁਣ ਲਾਣੀਆਂ,
ਵੈਦਾਂ ਬਿਨਾਂ ਦੂਰ ਨਾਲੇ ਕਰਾਂਗੇ ਬੀਮਾਰੀਆਂ।
ਪੰਜ ਸਾਲ ਤੱਕ ਨੇਤਾ ਸਾਰੇ ਬੰਨ ਬੰਨ ਰੱਖਦੇ ਨੇ।
ਖੋਹਲ ਦਿੰਦੇ ਚੋਣਾਂ ਸਮੇਂ ਸਾਰੀਆਂ ਪਟਾਰੀਆਂ,
ਕੰਮ ਸਾਰੇ ਪੁੱਠੇ ਕੀਤੇ ਵੱਡੇ ਜਰਨੈਲਾਂ ਨੇ,
ਫੌਜਾਂ ਪੰਜਾਬ ਦੀਆਂ ਤਾਹੀਉਂ ਸਦਾ ਹਾਰੀਆਂ।
ਸੰਪਰਕ: +91 98722 38981