ਕੈਲਗਰੀ ਗਰੀਨ ਵੇਅ ਦੀ ਉੱਪ ਚੋਣ ਲਈ ਮੈਦਾਨ ਭਖਿਆ
Posted on:- 02-03-2016
- ਹਰਬੰਸ ਬੁੱਟਰ
ਕੈਲਗਰੀ ਗਰੀਨਵੇਅ ਹਲਕੇ ਤੋਂ ਸ. ਮਨਮੀਤ ਸਿੰਘ ਭੁੱਲਰ ਦੀ ਸੜਕ ਹਾਦਸੇ ਵਿੱਚ ਹੋਈ ਬੇ ਵਕਤੀ ਮੌਤ ਉਪਰੰਤ ਐੱਮ. ਐੱਲ. ਏ. ਦੀ ਸੀਟ ਖਾਲੀ ਹੋਣ ਕਾਰਨ ਨਵੇਂ ਐੱਮ. ਐੱਲ. ਏ. ਦੀ ਚੋਣ ਲਈ ਉਪ ਚੋਣ ਮਾਰਚ 2016 ਵਿੱਚ ਕਰਵਾਉਣੀ ਤਹਿ ਹੋ ਚੁੱਕੀ ਹੈ। ਇਸ ਰਾਈਡਿੰਗ ਦੀ ਸੀਟ ਲਈ ਸਾਰੀਆਂ ਪਾਰਟੀਆਂ ਨੇ ਆਪਣੇ ਐੱਮ. ਐੱਲ. ਏ. ਦੀ ਚੋਣ ਲਈ ਜੰਗੀ ਪੱਧਰ `ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ । ਐੱਨ. ਡੀ. ਪੀ. ਨੇ ਆਪਣੇ ਉਮੀਦਵਾਰ ਵੱਜੋਂ ਰੂਪ ਰਾਇ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ । ਨਾਮੀਨੇਸ਼ਨ ਲਈ ਬਾਕੀ ਪਾਰਟੀਆਂ ਲਿਬਰਲ ਪਾਰਟੀ, ਪੀ. ਸੀ. ਤੇ ਵਾਈਲਡਰੋਜ਼ ਉਮੀਦਵਾਰਾਂ ਦੀ ਚੋਣ ਦੀ ਤਿਆਰੀ ਕਰ ਰਹੀਆਂ ਹਨ। ਇਸ ਰਾਈਡਿੰਗ `ਤੇ 2012 ਤੇ 2015 ਦੀਆਂ ਚੋਣਾਂ `ਚ ਪੀ. ਸੀ. ਪਾਰਟੀ ਦਾ ਹੀ ਕਬਜ਼ਾ ਰਿਹਾ ਹੈ ਤੇ ਮਨਮੀਤ ਭੁੱਲਰ ਇੱਕ ਸਫਲ ਐੱਮ. ਐੱਲ. ਏ. ਅਤੇ ਕੈਬਨਿਟ ਮੰਤਰੀ ਦੇ ਅਹੁਦਿਆਂ ਉੱਪਰ ਰਹੇ। ਸਿਆਸੀ ਸਮੀਕਰਣ ਦੀ ਜੇ ਗੱਲ ਕਰੀਏ ਤਾਂ ਲੋਕ ਐੱਨ. ਡੀ. ਪੀ. ਤੋਂ ਨਾਰਾਜ਼ ਹਨ। ਇਸ ਦਾ ਮੁੱਖ ਕਾਰਨ ਐਲਬਰਟਾ ਦੇ ਵਿੱਤੀ ਹਾਲਾਤ ਹਨ, ਪੀ. ਸੀ. ਤੇ ਵਾਈਲਡਰੋਜ਼ ਇਕੱਠੇ ਹੋਕੇ ਲੜਨ ਦੀ ਬਜਾਇ ਅਲੱਗ ਅਲੱਗ ਲੜ ਰਹੀਆਂ ਹਨ ।
ਕੰਜ਼ਰਵੇਟਿਵ ਪਾਰਟੀ ਦੇ ਘਾਗ ਰਾਜਨੀਤਕ ਸੂਤਰਾਂ ਅਨਸਾਰ ਇਹ ਵੀ ਪਤਾ
ਲੱਗਾ ਹੈ ਰਾਜਨੀਤਕ ਸੱਤਾ ਦੇ ਲਾਲਸੀ ਕੁਝ ਲੋਕ ਜਿਹੜੇ ਪਿਛਲੀਆਂ ਚੋਣਾਂ ਦੌਰਾਨ ਲਿਬਰਲ
ਪਾਰਟੀ ਦੇ ਛਣਕਣੇ ਵਜਾ ਰਹੇ ਸਨ,ਪਰ ਲਿਬਰਲ ਪਾਰਟੀ ਵਿੱਚ ਆਪਣੀ ਰਾਜਸੀ ਲਾਲਸਾ ਪੂਰੀ ਨਾ
ਹੁੰਦੀ ਦੇਖ ਹੁਣ ਮੂੜ ਪੀ ਸੀ ਪਾਰਟੀ ਦੇ ਕੈਂਪ ਵਿੱਚ ਉਹੀ ਪੁਰਾਣੇ ਰਾਗ ਅਲਾਪ ਰਹੇ ਹਨ।
ਲਿਬਰਲ ਪਾਰਟੀ ਭਾਵੇਂ ਸੱਤਾ ਵਿੱਚ ਹੈ, ਪਰ ਫਿਰ ਵੀ ਪਰਵਾਸੀ ਲੋਕਾਂ ਦੀ ਵੋਟ ਜ਼ਿਆਦਾ ਹੋਣ
ਕਾਰਨ ਵੋਟ ਬੈਂਕ ਉਮੀਦਵਾਰ ਦੀ ਸ਼ਖਸੀਅਤ ਉੱਪਰ ਵੀ ਨਿਰਭਰ ਕਰਦਾ ਹੈ। ਅਸਲ ਤਸਵੀਰ ਤਾਂ
ਮਾਰਚ ਮਹੀਨੇ ਵਿੱਚ ਹੀ ਸਾਹਮਣੇ ਆਵੇਗੀ ਕਿਉਂਕਿ ਫੈਸਲਾਕੁੰਨ ਸਮਾਂ ਆਪਣੀ ਚਾਲ ਨਾਲ ਜਲਦੀ
ਜਲਦੀ ਨਜ਼ਦੀਕ ਆ ਰਿਹਾ ਹੈ।