ਗ਼ਜ਼ਲ - ਆਰ.ਬੀ.ਸੋਹਲ
Posted on:- 03-01-2016
ਪਾ ਕੇ ਦਿਲਬਰ ਦੀ ਇਨਾਇਤ ਮੁਸਕਰਾਵੇ ਜ਼ਿੰਦਗੀ ।
ਮਗਨ ਹੋ ਕੇ ਪਿਆਰ ਦੇ ਫਿਰ ਗੀਤ ਗਾਵੇ ਜ਼ਿੰਦਗੀ ।
ਮੰਜ਼ਿਲਾਂ ’ਤੇ ਪਹੁੰਚ ਜਾਵੇ ਨਫਰਤਾਂ ਨੂੰ ਚੀਰ ਕੇ,
ਰਸਤਿਆਂ ‘ਚੋਂ ਪੁੱਟ ਕੇ ਸੂਲਾਂ ਪਬ ਉਠਾਵੇ ਜ਼ਿੰਦਗੀ ।
ਧਰਤ ਤੇ ਆਕਾਸ਼ ਸਾਰਾ ਅੱਗ ਪਾਣੀ ਤੇ ਹਵਾ,
ਅੱਖੀਆਂ ਵਿਚ ਕੁਲ ਬ੍ਰਹਿਮੰਡ ਨੂੰ ਸਮਾਵੇ ਜ਼ਿੰਦਗੀ ।
ਮੋਮਨਾਂ ਤੋਂ ਦੀਨ ਦੀ ਗਲ ਕਾਫਰਾਂ ਤੋਂ ਕੁਫਰ ਦੀ,
ਆਸ਼ਕਾਂ ਤੋਂ ਇਸ਼ਕ ਦਾ ਹੀ ਯਸ਼ ਲਿਖਾਵੇ ਜ਼ਿੰਦਗੀ ।
ਦਰਦ ਹੰਝੂਆਂ ਤੁਹਮਤਾਂ ਸੰਗ ਇਹ ਸ਼ਿੰਗਾਰੇ ਆਪ ਨੂੰ,
ਉਲਝ ਕੇ ਕੰਡਿਆਂ ‘ਚ ਮਹਿਕਾਂ ਵੀ ਖਿੰਡਾਵੇ ਜ਼ਿੰਦਗੀ ।
ਇਹ ਮਿਲਾਵੇ ਵਿਛੜਿਆਂ ਨੂੰ ਦੂਰ ਆਪਣੇ ਵੀ ਕਰੇ,
ਹਿਜ਼ਰ ਤੇ ਵਸਲਾਂ ਦੇ ਰੰਗਾਂ ਨੂੰ ਵਿਖਾਵੇ ਜ਼ਿੰਦਗੀ ।
ਕਰ ਦਵੇ ਜ਼ਹਿਰਾਂ ਨੂੰ ਅਮ੍ਰਿਤ ਪਿਆਰ ਦੇ ਰੰਗ ਘੋਲ ਕੇ,
ਭਾਲ ਕੇ ਸੁਕਰਾਤ ਜ਼ਹਿਰਾਂ ਵੀ ਪਿਲਾਵੇ ਜ਼ਿੰਦਗੀ ।
ਬੇਬਸਾਂ ਦਾ ਸਿਦਕ ਬਣਦੀ ਹੌਸਲਾ ਮਜ਼ਲੂਮ ਦਾ,
ਆਸ ਦੇ ਦੀਪਕ ਦਿਲਾਂ ਵਿਚ ਹੀ ਜਗਾਵੇ ਜ਼ਿੰਦਗੀ ।