ਗ਼ਜ਼ਲ –ਜਗਮੇਲ ਸਿੰਘ
Posted on:- 21-02-2016
ਹੋਏ ਹਾਦਸੇ ਹਜ਼ਾਰਾਂ ਮੇਰੇ ਜਜ਼ਬਾਤਾਂ ਦੇ ਨਾਲ ,
ਤੂੰ ਹੀ ਸੋਚ ਕਿਵੇਂ ਜੂਝਿਆ ਹੋਊਂ ਹਾਲਾਤਾਂ ਦੇ ਨਾਲ।
ਵੰਡਦਾ ਰਿਹਾ ਮੈਂ ਮੁਹੱਬਤ ਬੇਝਿਜਕ ਜਿਹਾ ਹੋ ਕੇ ,
ਭਰਦੇ ਰਹੇ ਉਹ ਘਰ ਦਰਦ ਦੀਆਂ ਸੌਗਾਤਾਂ ਦੇ ਨਾਲ ।
ਰਿਹਾ ਖਲੇਰਦਾ ਮੈਂ ਚਾਨਣ ਕਦੇ ਸੂਰਜ ਸੀ ਬਣਕੇ ,
ਅੱਜ ਦਿਲ ਲਗਾਈ ਬੈਠਾਂ ਕਾਲੀਆਂ ਰਾਤਾਂ ਦੇ ਨਾਲ।
ਮਾਂ ਨੇ ਤਾਂ ਰੋਕਿਆ ਸੀ ਨਾ ਜਾਵੀਂ ਉਸ ਸ਼ਹਿਰ ਵਿੱਚ,
ਓਥੇ ਲੋਕ ਠੱਗ ਲੈਂਦੇ ਨੇ ਮਿੱਠੀਆਂ ਬਾਤਾਂ ਦੇ ਨਾਲ।
ਪਾਣੀ ਸਮੁੰਦਰ ਦਾ ਖਾਰਾ ਐਵੇਂ ਹੋਇਆ ਨਹੀਂ ਏਨਾ,
ਅਸ਼ਕ ਘੁਲ਼ੇ ਨੇ ਜੈਲੀ ਦੇ ਏਨਾ ਬਰਸਾਤਾਂ ਦੇ ਨਾਲ।
ਰੂਹਾਂ ਦੇ ਪਿੰਜਰੇ 'ਚ ਮੈਨੂੰ ਕੈਦ ਕੀਤਾ ਨਾ ਕਿਸੇ ਨੇ ,
ਪਰਚਾਉਂਦੇ ਰਹੇ ਦਿਲ ਲੋਕ ਸਿਰਫ ਮੁਲਾਕਾਤਾਂ ਦੇ ਨਾਲ।
ਜ਼ਹਿਰ ਤਾਂ ਜ਼ਹਿਰ ਏ ਤੇ ਅੱਜ ਵੀ ਉਸੇ ਤਰਾਂ ਬਦਨਾਮ ਏ,
ਜੈਲੀ ਸੱਚ ਤਾਂ ਅਮਰ ਏ ਅੱਜ ਵੀ ਸੁਕਰਾਤਾਂ ਦੇ ਨਾਲ ।
ਸੰਪਰਕ: +91 98555 14329