ਗ਼ਜ਼ਲ - ਆਰ.ਬੀ.ਸੋਹਲ
Posted on:- 10-02-2016
ਹਸੀਨ ਸੁਪਨੇ ਤੇ ਖਿਆਲ ਉੱਤਮ, ਸਦਾ ਤੂੰ ਸੋਚਾਂ ’ਚ ਪਾਲ ਰੱਖੀਂ I
ਜੋ ਫਤਿਹ ਕਰਦਾ ਮੁਸੀਬਤਾਂ ਨੂੰ ,ਉਹ ਜੋਸ਼ ਜੀਵਨ ‘ਚ ਢਾਲ ਰੱਖੀਂ I
ਇਹ ਨ੍ਹੇਰ ਸੂਰਜ ਨੂੰ ਨਿਗਲ ਜਾਂਦੇ,ਤੇ ਕੈਦ ਕਰਦੇ ਉਜਾਲਿਆਂ ਨੂੰ,
ਕਰੀਂ ਤੂੰ ਰਾਖੀ ਉਜਾਲਿਆਂ ਦੀ, ਮਿਸਾਲ ਬਲਦੀ ਤੂੰ ਨਾਲ ਰੱਖੀਂ I
ਬੜੇ ਹੀ ਨਾਜ਼ੁਕ ਨੇ ਪਾਕ ਰਿਸ਼ਤੇ, ਇਹ ਤਿੜਕ ਜਾਂਦੇ ਨੇ ਕੱਚ ਵਾਂਗੂੰ,
ਨਾ ਫੇਰ ਜੁੜਦੇ ਜੇ ਟੁੱਟ ਜਾਵਣ, ਇਨ੍ਹਾਂ ਨੂੰ ਹਰ ਪਲ ਸੰਭਾਲ ਰੱਖੀਂ I
ਜ਼ਮੀਰ ਆਪਣੀ ਨਾ ਵੇਚ ਦੇਵੀਂ, ਪਰਾਨ ਭਾਵੇਂ ਤਿਆਗ ਦੇਣਾ,
ਖਿੜੀਂ ਤੂੰ ਕਮਲ ਦੇ ਫੁੱਲ ਵਾਂਗੂੰ, ਸਦਾ ਤੂੰ ਦਿਲ ਦਾ ਜਲਾਲ ਰੱਖੀਂ I
ਖੁਦਾ ਦੀ ਰਹਿਮਤ ਕਬੂਲ ਕਰਨਾ, ਤੇ ਕਦਰ ਕਰਨਾ ਤੂੰ ਰਹਿਮਤਾਂ ਦੀ,
ਜੋ ਚੀਜ਼ ਤੇਰੇ ਨਾ ਕੋਲ ਹੋਵੇ, ਕਦੇ ਨਾ ਉਸਦਾ ਮਲਾਲ ਰੱਖੀਂ I
ਇਹ ਰਾਹ ਵੀ ਔਖੇ ਨੇ ਮੰਜ਼ਿਲਾਂ ਦੇ, ਤੇ ਰਸਤਿਆਂ ਵਿਚ ਵੀ ਹੋਣ ਸੂਲਾਂ,
ਬੜੇ ਹੀ ਪੈਰਾਂ ‘ਚ ਪੈਣ ਛਾਲੇ, ਬਣਾ ਕੇ ਫਿਰ ਵੀ ਤੂੰ ਚਾਲ ਰੱਖੀਂ I
ਇਹ ਹੰਸ ਦਿਲ ਦਾ ਨਾ ਤਰਸ ਜਾਵੇ, ਕਦੇ ਵੀ ਵਸਲਾਂ ਦੇ ਮੋਤੀਆਂ ਤੋਂ,
ਸਦਾ ਤੂੰ ਹਿਜਰਾਂ ਦੇ ਕੰਕਰਾਂ ‘ਚੋਂ, ਵਫ਼ਾ ਦੇ ਮੋਤੀ ਵੀ ਭਾਲ ਰੱਖੀਂ I
ਲਿਖੀਂ ਤੂੰ ਦਰਦਾਂ ਦੀ ਦਾਸਤਾਂ ਨੂੰ, ਪੜੇ ਜੋ ਉਸਨੂੰ ਮਸੂਸ ਹੋਵੇ,
ਦਿਲਾਂ ਨੂੰ ਦੇਵੇ ਸਕੂਨ ਸੋਹਲ , ਸਦਾ ਤੂੰ ਗਜ਼ਲਾਂ ‘ਚ ਖਿਆਲ ਰੱਖੀਂ I