ਧਰਤੀ ਹੇਠਲੇ ਬਲਦ - ਗੁਰਸੇਵਕ ਸੰਗਰੂਰ
Posted on:- 08-02-2016
ਨਹੀਂ ਨਹੀਂ
ਧਰਤੀ ਕਿਸੇ ਬਲਦ ਦੇ
ਸਿੰਗਾਂ ’ਤੇ ਨਹੀਂ ਟਿਕੀ
ਇਹ ਤਾਂ ਦੁੱਖਾਂ ਦਾ ਭਾਰ ਢੋਣ ਵਾਲੇ
ਅਸੀਂ ਹੀ ਉਹ ਲੋਕ ਹਾਂ
ਜੋ ਚੁੱਕੀਂ ਫਿਰਦੇ ਹਾਂ ਧਰਤੀ ਦਾ ਭਾਰ
ਇਹ ਸਾਡੀਆਂ ਮਿਹਨਤਾਂ ਹੀ ਨੇ
ਜਿਨ੍ਹਾਂ ਨੂੰ ਮਾਪਣ ਲਈ ਦਿਨ ਤੇ ਰਾਤ ਬਣਦੇ ਨੇ
ਇਹ ਤਾਂ ਮੌਤ ਨੂੰ ਮਾਤ ਦੇਣ ਵਾਲੀ
ਜੀਵਣ ਦੀ ਉਹ ਤਾਂਘ ਹੀ ਹੈ ਜੋ ਖਿੱਚੀ ਫਿਰਦੀ ਹੈ
ਧਰਤੀ ਦੇ ਬੋਝ ਨੂੰ
ਫਸਲਾਂ ਨੂੰ ਸਿੰਜਣ ਵਾਲਾ ਇਹ ਸਾਡਾ ਪਸੀਨਾ ਹੀ ਹੈ
ਜਿਸ ਸਦਕਾ ਧਰਤੀ ਰੰਗ ਵਟਾਉਂਦੀ ਹੈ
ਜਿਸ ਸਦਕਾ ਧਰਤੀ ਤੇ ਬਹਾਰ ਆਉਂਦੀ ਹੈ
ਮਸ਼ੀਨਾਂ ਨੂੰ ਘੁੰਮਾਉਣ ਵਾਲੇ ਲੋਕ ਹਾਂ
ਜੋ ਘੁੰਮਾਈ ਫਿਰਦੇ ਹਾਂ ਧਰਤੀ ਨੂੰ ਲਾਟੂ ਵਾਂਗ
ਨਹੀਂ ਨਹੀਂ
ਧਰਤੀ ਕਿਸੇ ਬਲਦ ਦੇ
ਸਿੰਗਾਂ ਤੇ ਨਹੀਂ ਟਿਕੀ
ਇਹ ਤਾਂ ਸਾਡੇ ਸਿਰਜਣਹਾਰ ਹੱਥ ਹੀ ਨੇ
ਜਿਨ੍ਹਾਂ ਤੇ ਧਰਤੀ ਦੀ ਟੇਕ ਹੈ
ਹਾਂ ਦਸਾਂ ਨਹੂੰਆਂ ਦੀ ਕਿਰਤ ਕਮਾਈ ਖਾਣ ਵਾਲੇ
ਅਸੀਂ ਹੀ ਉਹ ਮਿਹਨਤਕਸ਼ ਹਾਂ
ਜਿਨ੍ਹਾਂ ਸਦਕਾ ਧਰਤੀ ਤੇ ਸੱਚ ਦੀ ਹੋਂਦ ਹੈ
ਸੰਪਰਕ: +91 98144 82510
Iqbal somian
Eh kavita nhi Tuttian satran ch likhea lekh a! Maf krna Visha chnga a par poem ch nibha nhi skea gursewk sangrur